
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਟਰੱਸਟ ਵੱਲੋਂ ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਨਗਰ ਕੌਂਸਲ ਪ੍ਰਧਾਨ ਨਾਲ ਮੁਲਾਕਾਤ 01 ਨੂੰ : ਡੀ.ਪੀ.ਐੱਸ. ਭੋਲਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਦੀ ਆ ਰਹੀ ਪ੍ਰਮੁੱਖ ਗੈਰ ਸਰਕਾਰੀ ਅਤੇ ਗੈਰ ਰਾਜਨੀਤਕ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਵੱਲੋਂ ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਅਤੇ ਨਗਰ ਕੌਂਸਲ ਪ੍ਰਧਾਨ ਬਲਜਿੰਦਰ ਸਿੰਘ ਅਹੂਜਾ ਨਾਲ ਆਉਂਦੀ 01 ਸਤੰਬਰ ਮੰਗਲਵਾਰ ਨੂੰ ਮੁਲਾਕਾਤ ਕੀਤੀ ਜਾਵੇਗੀ। ਇਸ ਉੱਚ ਪੱਧਰੀ ਵਫ਼ਦ ਦੀ ਪ੍ਰਧਾਨਗੀ ਟਰੱਸਟ ਦੇ ਜਿਲ੍ਹਾ ਪ੍ਰਧਾਨ ਅਤੇ ਸਥਾਨਕ ਜਨ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਸੁਪਰਡੈਂਟ ਡੀ.ਪੀ.ਐੱਸ. ਭੋਲਾ ਕਰਨਗੇ। ਵਫ਼ਦ ਵਿੱਚ ਟਰੱਸਟ ਦੀ ਫਰੀਦਕੋਟ ਇਕਾਈ ਦੇ ਅਹੁਦੇਦਾਰ ਅਤੇ ਮੈਂਬਰ ਭਾਗ ਲੈਣਗੇ। ਇਸ ਮੌਕੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੇ ਸ਼ਾਮਿਲ ਹੋਣ ਦੀ ਵੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਆਪਣੀ ਪਾਰਟੀ ਅਤੇ ਇਲਾਕੇ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਅਮਨਦੀਪ ਸਿੰਘ ਬਾਬਾ ਨੂੰ ਸਥਾਨਕ ਮਾਰਕਿਟ ਕਮੇਟੀ ਦਾ ਲਗਾਤਾਰ ਦੂਜੀ ਵਾਰ ਚੇਅਰਮੈਨ ਚੁਣਿਆ ਗਿਆ ਹੈ। ਇਸੇ ਤਰ੍ਹਾਂ ਬਲਜਿੰਦਰ ਸਿੰਘ ਅਹੂਜਾ ਦੀਆਂ ਸੇਵਾਵਾਂ ਸਦਕਾ ਉਨ੍ਹਾਂ ਨੂੰ ਸਥਾਨਕ ਨਗਰ ਕੌਂਸਲ ਦਾ ਬਹੁ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਜਿਲ੍ਹਾ ਪ੍ਰਧਾਨ ਭੋਲਾ ਨੇ ਦੱਸਿਆ ਹੈ ਕਿ ਮੁਲਾਕਾਤ ਦੌਰਾਨ ਉਕਤ ਦੋਹਾਂ ਆਗੂਆਂ ਨਾਲ ਵੱਖ-ਵੱਖ ਵਿਸ਼ਿਆਂ ਸਬੰਧੀ ਗੱਲਬਾਤ ਕੀਤੀ ਜਾਵੇਗੀ। ਨਗਰ ਕੌਂਸਲ ਪ੍ਰਧਾਨ ਨਾਲ ਸ਼ਹਿਰ ਵਿੱਚ ਡਾ. ਅੰਬੇਡਕਰ ਚੌਂਕ ਬਣਾਏ ਜਾਣ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ। ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੁਰਾਣੀ ਨਗਰ ਕੌਂਸਲ ਦੇ ਪ੍ਰਧਾਨ ਕੋਲ ਵੀ ਇਹ ਮਾਮਲਾ ਉਠਾਇਆ ਗਿਆ ਸੀ। ਉਨ੍ਹਾਂ ਨੇ ਸ਼ਹਿਰ ਵਿੱਚ ਡਾ. ਅੰਬੇਡਕਰ ਚੌਂਕ ਬਣਾਏ ਜਾਣ ’ਤੇ ਸਹਿਮਤੀ ਵੀ ਪ੍ਰਗਟਾਈ ਸੀ, ਪਰੰਤੂ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਇਹ ਮਾਮਲਾ ਸਿਰੇ ਨਾ ਚੜ੍ਹ ਸਕਿਆ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਐਲ.ਬੀ.ਸੀ.ਟੀ. ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਲਿਖਤੀ ਬੇਨਤੀ ’ਤੇ ਸ਼ਹਿਰ ਅੰਦਰ ਡਾ. ਅੰਬੇਡਕਰ ਚੌਂਕ ਬਣਾਏ ਜਾਣ ਦਾ ਸਾਰਾ ਖਰਚਾ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਚਾਂਸਲਰ ਡਾ. ਜੋਰਾ ਸਿੰਘ ਨੇ ਆਪਣੀ ਯੂਨੀਵਰਸਿਟੀ ਵੱਲੋਂ ਕੀਤੇ ਜਾਣ ਦਾ ਵਿਸ਼ਵਾਸ ਦਿਲਾਇਆ ਹੈ। ਪ੍ਰਧਾਨ ਭੋਲਾ ਨੇ ਟਰੱਸਟ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਆਉਂਦੀ ਇੱਕ ਸਤੰਬਰ ਮੰਗਲਵਾਰ ਨੂੰ ਸਵੇਰੇ ਗਿਆਰਾਂ ਵਜੇ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।