ਬੱਚਿਆਂ ’ਚ ਟੀਬੀ ਦੀ ਪਛਾਣ ਤੇ ਇਲਾਜ ਸਬੰਧੀ ਟ੍ਰੇਨਿੰਗ ਕਰਵਾਈ ਬੱਚਿਆਂ ਵਿੱਚ ਟੀ.ਬੀ ਦੀ ਪਹਿਚਾਣ ਅਤੇ ਇਲਾਜ ਸਬੰਧੀ ਟ੍ਰੇਨਿੰਗ ਆਯੋਜਿਤ
Publish Date: Fri, 25 Sep 2026 04:04 PM (IST)
Updated Date: Fri, 25 Sep 2026 04:06 PM (IST)
ਸਰਕਾਰੀ ਸਿਹਤ ਸੰਸਥਾਵਾਂ ’ਚ ਟੀਬੀ ਦਾ ਇਲਾਜ ਮੁਫਤ : ਡਾ. ਰੋਹਿਤ ਸ਼ਿਵ ਸ਼ਰਮਾ ਪੰਜਾਬੀ ਜਾਗਰਣ ਫਰੀਦਕੋਟ : ਸਿਹਤ ਵਿਭਾਗ,ਵਰਲਡ ਹੈਲਥ ਪਾਰਟਨਰਜ਼ ਅਤੇ “ਸਾਥੀ” ਸੰਸਥਾ ਦੇ ਸਾਂਝੇ ਉਪਰਾਲੇ ਤਹਿਤ ਸਿਵਲ ਸਰਜਨ ਫਰੀਦਕੋਟ ਡਾ.ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾ ਅਤੇ ਜ਼ਿਲ੍ਹਾ ਟੀ.ਬੀ ਅਫਸਰ ਡਾ.ਸਰਵਦੀਪ ਸਿੰਘ ਰੋਮਾਣਾ ਦੀ ਯੋਗ ਅਗਵਾਈ ਹੇਠ ਬੱਚਿਆਂ ਵਿੱਚ ਟੀ.ਬੀ ਦੀ ਸਮੇਂ ਸਿਰ ਪਹਿਚਾਣ,ਜਾਂਚ ਅਤੇ ਇਲਾਜ ਸਬੰਧੀ ਸਥਾਨਕ ਅਨੈਕਸੀ ਵਿਖ਼ੇ ਇੱਕ ਰੋਜ਼ਾ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਫੀਲਡ ਅਤੇ ਸਿਹਤ ਸੰਸਥਾਵਾਂ ਵਿੱਚ ਸੇਵਾਵਾਂ ਨਿਭਾ ਰਹੇ ਮੈਡੀਕਲ ਅਫਸਰਾਂ,ਸਟਾਫ ਨਰਸਾਂ ਲੈਬ ਟੈਕਨੀਸ਼ੀਅਨ, ਹੈਲਥ ਵਰਕਰ, ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਾਂ ਦੀ ਸਮਰੱਥਾ ਅਤੇ ਜਾਣਕਾਰੀ ਵਿੱਚ ਵਾਧਾ ਕਰਕੇ ਬੱਚਿਆਂ ਵਿੱਚ ਟੀ.ਬੀ ਦੇ ਕੇਸਾਂ ਦੀ ਸਮੇਂ ਸਿਰ ਪਛਾਣ ਅਤੇ ਪ੍ਰਭਾਵਸ਼ਾਲੀ ਇਲਾਜ ਨੂੰ ਯਕੀਨੀ ਬਣਾਉਣਾ ਸੀ। ਟ੍ਰੇਨਿੰਗ ਦੀ ਸ਼ੁਰੂਆਤ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਕਰਦਿਆਂ ਮਾਸਟਰ ਟ੍ਰੇਨਰ ਸਹਾਇਕ ਪ੍ਰੋਫੈਸਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਡਾ. ਰੋਹਿਤ ਕੁਮਾਰ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਟ੍ਰੇਨਿੰਗ ਦੇ ਵਿਸ਼ੇ ਅਤੇ ਮਹੱਤਵ ਸਬੰਧੀ ਵਿਚਾਰ ਪੇਸ਼ ਕੀਤੇ। ਮਾਸਟਰ ਟ੍ਰੇਨਰਜ਼ ਵੱਲੋਂ ਪ੍ਰੋਜੈਕਟਰ ਤੇ ਵੱਖ-ਵੱਖ ਸਲਾਈਡਾਂ ਪੇਸ਼ ਕਰਦਿਆਂ ਬੱਚਿਆਂ ਵਿੱਚ ਟੀ.ਬੀ ਦੀ ਬਿਮਾਰੀ ਦੇ ਲੱਛਣਾਂ,ਜਾਂਚ ਵਿਧੀਆਂ, ਐਕਸ-ਰੇ ਦੀ ਵਿਆਖਿਆ,ਗੈਸਟ੍ਰਿਕ ਐਸਪੀਰੇਟ ਤੇ ਇੰਡਿਊਸਡ ਸਪੂਟਮ ਸੈਂਪਲ ਕਲੈਕਸ਼ਨ,ਟੀ.ਬੀ ਰੋਕਥਾਮੀ ਇਲਾਜ,ਟੀ.ਬੀ-ਐੱਚ.ਆਈ.ਵੀ ਸਹਿ-ਸੰਕਰਮਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਬੱਚਿਆਂ ਵਿੱਚ ਟੀ.ਬੀ ਦੀ ਪਛਾਣ ਕਰਨਾ ਕਈ ਵਾਰ ਚੁਣੌਤੀਪੂਰਨ ਹੁੰਦਾ ਹੈ ਕਿਉਂਕਿ ਬੱਚਿਆਂ ਵਿੱਚ ਬਾਲਗਾਂ ਦੀ ਤਰ੍ਹਾਂ ਖੰਘ ਦੇ ਨਾਲ ਬਲਗਮ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ। ਜੇਕਰ ਕਿਸੇ ਬੱਚੇ ਨੂੰ ਦੋ ਹਫ਼ਤਿਆਂ ਤੋਂ ਵੱਧ ਖੰਘ, ਲਗਾਤਾਰ ਬੁਖ਼ਾਰ, ਭਾਰ ਨਾ ਵਧਣਾ ਜਾਂ ਘਟਣਾ, ਭੁੱਖ ਵਿੱਚ ਕਮੀ,ਗਰਦਨ ਜਾਂ ਸਰੀਰ ਦੇ ਹੋਰ ਹਿੱਸਿਆਂ ਵਿੱਚ ਗੰਢਾਂ-ਲਿੰਫ ਨੋਡ ਅਤੇ ਲਗਾਤਾਰ ਕਮਜ਼ੋਰੀ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਟੀ.ਬੀ ਮੁਕਤ ਪ੍ਰੋਗਰਾਮ ਅਧੀਨ ਟੀ.ਬੀ ਦੀ ਜਾਂਚ ਅਤੇ ਇਲਾਜ ਦੀਆਂ ਸਾਰੀਆਂ ਸੇਵਾਵਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਉਪਲਬਧ ਹਨ। ਸਮੇਂ ਸਿਰ ਪਛਾਣ ਅਤੇ ਨਿਯਮਤ ਇਲਾਜ ਨਾਲ ਬੱਚਿਆਂ ਵਿੱਚ ਟੀ.ਬੀ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੈ। ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੇ ਬੱਚਿਆਂ ਵਿੱਚ ਟੀ.ਬੀ ਦੇ ਵੱਖ-ਵੱਖ ਕੇਸਾਂ, ਇਲਾਜ ਪ੍ਰੋਟੋਕੋਲ ਅਤੇ ਪ੍ਰੈਕਟੀਕਲ ਪੱਖਾਂ ਬਾਰੇ ਸਵਾਲ-ਜਵਾਬ ਕਰਕੇ ਹੋਰ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਰਲਡ ਹੈਲਥ ਪਾਰਟਨਰਜ਼,ਫਰੀਦਕੋਟ ਦੇ ਕੋਆਰਡੀਨੇਟਰ ਮਨਪ੍ਰੀਤ ਸਿੰਘ,ਸਿਹਤ ਵਿਭਾਗ ਦੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ-ਕਮ-ਟ੍ਰਨਿੰਗ ਇੰਚਾਰਜ ਸੁਧੀਰ ਕੁਮਾਰ ਧੀਰ,ਕੌਸ਼ਲ ਕੁਮਾਰ ਅਤੇ ਲਲਿਤ ਕੁਮਾਰ ਹਾਜ਼ਰ ਸਨ।