ਯੂਨੀਵਰਸਿਟੀ ਦਾ ਸਰਵਪੱਖੀ ਵਿਕਾਸ ਹੀ ਮੇਰਾ ਮੁੱਢਲਾ ਧਰਮ : ਡਾ. ਬਾਂਸਲ ਯੂਨੀਵਰਸਿਟੀ ਦਾ ਸਰਵ ਪੱਖੀ ਵਿਕਾਸ ਹੀ ਮੇਰਾ ਮੁੱਢਲਾ ਧਰਮ ਹੈ : ਡਾ. ਬਾਂਸਲ
Publish Date: Fri, 04 Sep 2026 03:59 PM (IST)
Updated Date: Fri, 04 Sep 2026 04:01 PM (IST)
ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਵਫਦ ਨੇ ਵਾਈਸ ਚਾਂਸਲਰ ਨਾਲ ਕੀਤੀ ਮੁਲਾਕਾਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ‘‘ਯੂਨੀਵਰਸਿਟੀ ਦੇ ਸਰਵ ਪੱਖੀ ਵਿਕਾਸ ਅਤੇ ਇਸਦੇ ਪ੍ਰਬੰਧਕੀ ਕੁਸ਼ਲਤਾ ਵਿਚ ਹੋਰ ਸੁਧਾਰ ਲਿਆਉਣਾ ਹੀ ਮੇਰਾ ਮੁੱਢਲਾ ਫਰਜ ਅਤੇ ਧਰਮ ਹੈ। ਮੈਂ ਆਪਣੇ ਇਸ ਫਰਜ ਅਤੇ ਧਰਮ ਨੂੰ ਸਰਕਾਰੀ ਨਿਯਮਾਂ ਅਨੁਸਾਰ ਨਿਭਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗਾ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਵੱਲੋਂ ਕੀਤੀ ਗਈ ਮੁਲਾਕਾਤ ਦੌਰਾਨ ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਨਵ ਨਿਯੁਕਤ ਵਾਇਸ ਚਾਂਸਲਰ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਨਿਊਰਾਲੋਜਿਸਟ ਡਾ. ਰਜਿੰਦਰ ਕੁਮਾਰ ਬਾਂਸਲ ਨੇ ਕੀਤਾ। ਡਾ. ਬਾਂਸਲ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਵਾਇਸ ਚਾਂਸਲਰ ਦਾ ਅਹੁਦੇ ਦੇ ਕੇ ਜੋ ਵਿਸ਼ਵਾਸ ਅਤੇ ਭਰੋਸਾ ਪ੍ਰਗਟ ਕੀਤਾ ਗਿਆ ਹੈ, ਉਹ ਇਸ ’ਤੇ ਹਰ ਤਰ੍ਹਾਂ ਪੂਰਾ ਉਤਰਣ ਦੀ ਕੋਸ਼ਿਸ਼ ਕਰਨਗੇ। ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਅਤੇ ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਦੀ ਸਾਂਝੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਚੇਅਰਮੈਨ ਡਾ. ਹਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਰੋਲੀਆ, ਜਨਰਲ ਸਕੱਤਰ ਪ੍ਰੋ. ਮਲਕੀਅਤ ਸਿੰਘ ਮੰਮਨ, ਮੁੱਖ ਸਲਾਹਕਾਰ ਕ੍ਰਿਸ਼ਨ ਆਰ.ਏ., ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ, ਲੀਗਲ ਅਡਵਾਇਜ਼ਰ ਸੀਨੀਅਰ ਐਡਵੋਕੇਟ ਪ੍ਰਦੀਪ ਸਿੰਘ ਅਟਵਾਲ, ਸੀਨੀਅਰ ਮੈਂਬਰ ਅਤੇ ਮੁਲਾਜ਼ਮ ਆਗੂ ਅਮਰ ਸਿੰਘ ਮਹਿਮੀ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਕਰੀਬ ਚੌਵੀ ਸਾਲ ਪਹਿਲਾਂ ਡਾ. ਬਾਂਸਲ ਦੀ ਸਿਖਿਆਰਥਣ ਰਹੀ ਸਥਾਨਕ ਯੂਕੋਨ ਦੀ ਪ੍ਰੋ. ਵੰਦਨਾ ਢੋਸੀਵਾਲ ਨੇ ਵੀ ਵਫ਼ਦ ਵਿੱਚ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਟਰੱਸਟ ਸੰਸਥਾਪਕ ਸ੍ਰੀ ਢੋਸੀਵਾਲ ਨੇ ਅੱਜ ਇਥੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਸੰਸਥਾ ਵੱਲੋਂ ਨਵ ਨਿਯੁਕਤ ਵਾਇਸ ਚਾਂਸਲਰ ਡਾ. ਰਜਿੰਦਰ ਕੁਮਾਰ ਬਾਂਸਲ ਨਾਲ ਕੀਤੀ ਗਈ ਇਸ ਪਲੇਠੀ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਸਰਸਰੀ ਜਾਣਕਾਰੀ ਦਿੱਤੀ ਗਈ। ਮੁਲਾਕਾਤ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗਿਰੀਸ਼ ਸਾਹਨੀ ਵੀ ਕੁਝ ਸਮਾਂ ਮੌਜੂਦ ਰਹੇ। ਮੁਲਾਕਾਤ ਦੌਰਾਨ ਡਾ. ਬਾਂਸਲ ਨੇ ਕਿਹਾ ਕਿ ਉਹ ਯੂਨੀਵਰਸਿਟੀ ਦੇ ਕਰਮਚਾਰੀਆਂ ਦੇ ਸਾਰੇ ਹੱਕੀ ਅਤੇ ਕਾਨੂੰਨੀ ਮਾਮਲੇ ਪਹਿਲ ਦੇ ਅਧਾਰ ’ਤੇ ਹੱਲ ਕਰਨਗੇ। ਕੋਈ ਵੀ ਕਰਮਚਾਰੀ ਉਨ੍ਹਾਂ ਨੂੰ ਬਿਨਾ ਝਿਜਕ ਮਿਲ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਯੂਨੀਵਰਸਿਟੀ ਅਧੀਨ ਚੱਲ ਰਹੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਸਮੇਤ ਹੋਰਨਾਂ ਹਸਪਤਾਲਾਂ ਅਤੇ ਸਾਰੇ ਕਾਂਸਟੀਚਿਊਟ ਕਾਲਜਾਂ ਦਾ ਪੱਧਰ ਹੋਰ ਉੱਚ ਚੁੱਕਣ ਲਈ ਵਿਸ਼ੇਸ਼ ਮੁਹਿੰਮ ਚਲਾਉਣਗੇ। ਇਸ ਮੰਤਵ ਲਈ ਉਨ੍ਹਾਂ ਨੇ ਯੂਨੀਵਰਸਿਟੀ ਅਧਿਕਾਰੀਆਂ/ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਹਾਂ ਪੱਖੀ ਵਿਚਾਰਧਾਰਾ ਅਤੇ ਸਾਰਥਿਕ ਸੋਚ ਵਾਲੇ ਸੂਝਵਾਨ ਵਿਅਕਤੀ ਹੀ ਕਿਸੇ ਸੰਸਥਾ ਨੂੰ ਚਲਾਉਣ ਵਿਚ ਅਹਿਮ ਰੋਲ ਅਦਾ ਕਰਦੇ ਹਨ। ਮੁਲਾਕਾਤ ਦੌਰਾਨ ਢੋਸੀਵਾਲ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਬਾਅਦ ਯੂਨੀਵਰਸਿਟੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਵਾਇਸ ਚਾਂਸਲਰ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਵਾਂਡਰ ਦੀ ਦੂਰ ਅੰਦੇਸ਼ੀ, ਵਾਇਸ ਚਾਂਸਲਰ ਡਾ. ਬਾਂਸਲ ਦੀ ਪ੍ਰਬੰਧਕੀ ਕਾਰਜ ਕੁਸ਼ਲਤਾ ਅਤੇ ਰਜਿਸਟਰਾਰ ਡਾ. ਗਿਰੀਸ਼ ਸਾਹਨੀ ਦੀ ਪ੍ਰਸ਼ੰਸਾ ਯੋਗ ਕਾਰਜਸ਼ੈਲੀ ਸਦਕਾ ਯੂਨੀਵਰਸਿਟੀ ਬੁਲੰਦੀਆਂ ਦੇ ਸਿਖ਼ਰਾਂ ਨੂੰ ਛੂਹੇਗੀ। ਢੋਸੀਵਾਲ ਨੇ ਟਰੱਸਟ ਵੱਲੋਂ ਡਾ. ਬਾਂਸਲ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸੰਸਥਾ ਯੂਨੀਵਰਸਿਟੀ ਦੇ ਵਿਕਾਸ ਲਈ ਸਹਿਯੋਗ ਦੇਣ ਲਈ ਸਦਾ ਹੀ ਤਿਆਰ ਰਹੇਗੀ। ਮੁਲਾਕਾਤ ਦੌਰਾਨ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਵੱਲੋਂ ਡਾ. ਰਾਜਿੰਦਰ ਕੁਮਾਰ ਬਾਂਸਲ ਨੂੰ ਵਾਇਸ ਚਾਂਸਲਰ ਦਾ ਅਹੁਦਾ ਸੰਭਾਲਣ ’ਤੇ ਸਵਾਗਤੀ ਸਨਮਾਨ ਚਿੰਨ ਵੀ ਭੇਂਟ ਕੀਤਾ।