- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਕਾਲਜ ਵਿਖੇ ਕਵਿਤਾ ਪਾਠ ਤੇ ਪੋਸਟਰ ਨਿਰਮਾਣ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ, ਕੋਟਕਪੂਰਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਜੀ ਦੀ ਅਗਵਾਈ ਹੇਠ ਹਿੰਦੀ ਦਿਵਸ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਿੱਚ ਹਿੰਦੀ ਭਾਸ਼ਾ ਪ੍ਰਤੀ ਪਿਆਰ, ਸਤਿਕਾਰ ਅਤੇ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੇ ਓਵਰਆਲ ਇੰਚਾਰਜ ਡਾ. ਰਚਨਾ, ਡਾ. ਵੀਨੂ ਅਤੇ ਸ਼੍ਰੀਮਤੀ ਰੂਪਾਲੀ ਰਹੇ। ਸਮਾਗਮ ਦੌਰਾਨ ਰਿਤਿਕਾ ਸ਼ਰਮਾ ਅਤੇ ਕਾਜਲ ਬੀਸੀਏ ਭਾਗ ਪਹਿਲਾ ਦੀ ਵਿਦਿਆਰਥਣਾਂ ਵੱਲੋਂ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਿਭਾਇਆ ਗਿਆ। ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਸਮਾਗਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਇਆ। ਹਿੰਦੀ ਦਿਵਸ ਮੌਕੇ ਵਿਦਿਆਰਥੀਆਂ ਲਈ ਕਵਿਤਾ ਪਾਠ ਮੁਕਾਬਲਾ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਸਾਹਿਤਕ ਅਤੇ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਕਵਿਤਾ ਪਾਠ ਮੁਕਾਬਲੇ ਵਿੱਚ ਬੀ.ਏ. ਤੀਜੇ ਸਾਲ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਬੀ.ਏ. ਤੀਜੇ ਸਾਲ ਦੀ ਵਿਦਿਆਰਥਣ ਰੋਸ਼ਨੀ ਨੇ ਦੂਜਾ ਅਤੇ ਕਾਜਲ ਬੀਸੀਏ ਭਾਗ ਪਹਿਲਾ ਦੇ ਵਿਦਿਆਰਥਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੋਸਟਰ ਨਿਰਮਾਣ ਮੁਕਾਬਲੇ ਵਿੱਚ ਬੀ.ਸੀ.ਏ. ਪਹਿਲੇ ਸਾਲ ਦੇ ਵਿਦਿਆਰਥੀ ਕੇਸ਼ਵ ਨੇ ਪਹਿਲਾ ਸਥਾਨ ਹਾਸਲ ਕੀਤਾ। ਬੀਏ ਭਾਗ ਤੀਜਾ ਦੀ ਵਿਦਿਆਰਥਨ ਰੋਸ਼ਨੀ ਨੇ ਦੂਜਾ ਅਤੇ ਬੀਸੀਏ ਭਾਗ ਤੀਜਾ ਦੇ ਵਿਦਿਆਰਥਨ ਕੋਇਲ ਦੱਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹਿੰਦੀ ਭਾਸ਼ਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਹਿੰਦੀ ਵਿਭਾਗ ਵੱਲੋਂ ਡਾ. ਰਚਨਾ ਨੇ ਹਿੰਦੀ ਭਾਸ਼ਾ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਹਿੰਦੀ ਨੂੰ ਭਾਰਤੀ ਸੱਭਿਆਚਾਰ, ਸਾਹਿਤ ਅਤੇ ਪਰੰਪਰਾਵਾਂ ਨਾਲ ਜੋੜਨ ਵਾਲੀ ਮਹੱਤਵਪੂਰਨ ਭਾਸ਼ਾ ਦੱਸਦਿਆਂ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੇ ਵੱਧ ਤੋਂ ਵੱਧ ਪ੍ਰਯੋਗ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਰਹੇ। ਵਿਦਿਆਰਥੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਨੇ ਹਿੰਦੀ ਦਿਵਸ ਸਮਾਗਮ ਨੂੰ ਸਫਲ ਅਤੇ ਯਾਦਗਾਰ ਬਣਾ ਦਿੱਤਾ।