- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਮੇਸ਼ ਸਕੂਲ ਹਰੀਨੌ ਦੀ ਵਿਦਿਆਰਥਣ ਦੀ ਸਟੈਨਫੋਰਡ ਯੂਨੀਵਰਸਿਟੀ ਅਮਰੀਕਾ ਵਿੱਚ ਪੀਐਚਡੀ ਲਈ ਹੋਈ ਚੋਣ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਦੀ ਹੋਣਹਾਰ ਵਿਦਿਆਰਥਣ ਗਗਨਦੀਪ ਸ਼ਰਮਾ ਨੇ ਆਪਣੀ ਮਿਹਨਤ ਲਗਨ ਅਤੇ ਵਿੱਦਿਅਕ ਪ੍ਰਤਿਭਾ ਦੇ ਬਲਬੂਤੇ ਤੇ ਸਟੈਨਫੋਰਡ ਯੂਨੀਵਰਸਿਟੀ,ਅਮਰੀਕਾ ਵਿੱਚ ਪੀ ਐਚ ਡੀ ਲਈ ਚੋਣ ਹੋਣ ਨਾਲ ਆਪਣੇ ਪਰਿਵਾਰ, ਇਸ ਸੰਸਥਾ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਗਗਨਦੀਪ ਸ਼ਰਮਾ ਨੇ ਇਸ ਸੰਸਥਾ ਤੋਂ ਨਰਸਰੀ ਤੋਂ 12ਵੀਂ ਤੱਕ ਦੀ ਵਿੱਦਿਆ ਹਾਸਿਲ ਕੀਤੀ ਜਿਸ ਦੌਰਾਨ ਉਸਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਦਸਵੀਂ ਕਲਾਸ ਦੇ ਰਿਜਲਟ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ। ਸਾਲ 2020-21 ਵਿੱਚ ਬਾਰਵੀਂ ਨਾਨ ਮੈਡੀਕਲ ਵਿੱਚ ਉਸਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਸਕੂਲ ਦੀ ਵਿਦਿਆਰਥਣ ਗਗਨਦੀਪ ਸ਼ਰਮਾ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਪਿੰਡ ਹਰੀ ਨੌ ਵਿੱਚ ਖੁਸ਼ੀ ਦੀ ਲਹਿਰ ਹੈ। ਪਰਿਵਾਰਿਕ ਮੈਂਬਰਾਂ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਗਗਨਦੀਪ ਨੂੰ ਇਹ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ. ਬਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਿਲ ਕਰਕੇ ਇਹ ਸਾਬਿਤ ਕੀਤਾ ਹੈ ਕਿ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਵਿਦਿਆਰਥੀ ਵਿਸ਼ਵ ਪੱਧਰ ਤੇ ਆਪਣੀ ਪਹਿਚਾਣ ਬਣਾ ਸਕਦੇ ਹਨ ਉਸ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੀ ਹੈ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਕਿਹਾ ਕਿ ਗਗਨਦੀਪ ਸ਼ਰਮਾ ਦੀ ਸਟੈਂਡਫੋਰਡ ਯੂਨੀਵਰਸਿਟੀ ਵਿੱਚ ਪੀਐਚਡੀ ਲਈ ਚੋਣ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਤੇ ਇਸ ਨਾਲ ਪਿੰਡ ਹਰੀ ਨੌ ਦੀ ਇਸ ਸੰਸਥਾ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਉੱਚਾ ਹੋਇਆ ਹੈ।