ਵਿਦਿਆਰਥਣ ਪੀਹੂ ਨੇ ਵਧਾਇਆ ਸ਼ਿਵਾਲਿਕ ਕਿਡਜ਼ ਸਕੂਲ ਦਾ ਮਾਣ ਵਿਦਿਆਰਥਣ ਪੀਹੂ ਨੇ ਵਧਾਇਆ ਸ਼ਿਵਾਲਿਕ ਕਿਡਜ਼ ਸਕੂਲ ਦਾ ਮਾਣ
Publish Date: Fri, 31 Jul 2026 04:51 PM (IST)
Updated Date: Fri, 31 Jul 2026 04:52 PM (IST)
ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਸ਼ਿਵਾਲਿਕ ਕਿਡਜ਼ ਸਕੂਲ, ਸਾਹਮਣੇ ਸ੍ਰੀ ਹਨੂੰਮਾਨ ਮੰਦਰ (ਸ੍ਰੀ ਪੰਚਾਇਤੀ ਗਊਸ਼ਾਲਾ ਰੋਡ), ਜੈਤੋ ਦੀ ਪੰਜਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਪੀਹੂ, ਪੁੱਤਰੀ ਚੰਦਰ ਮੋਹਨ, ਨੇ ਆਪਣੀ ਸੁਰੀਲੀ ਆਵਾਜ਼, ਸ਼ਾਨਦਾਰ ਪੇਸ਼ਕਾਰੀ ਅਤੇ ਆਤਮ-ਵਿਸ਼ਵਾਸ ਦੇ ਬਲਬੂਤੇ ਸ਼ੀ੍ ਰਾਮਾਕ੍ਰਿਸ਼ਨਾ ਡਰਾਮੈਟਿਕ ਕਲੱਬ, ਜੈਤੋ ਵੱਲੋਂ ਕਰਵਾਏ ਗਏ ਪ੍ਰਸਿੱਧ ਸੁਰਾਂ ਦੇ ਸਰਤਾਜ ਸੰਗੀਤ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਸਕੂਲ, ਆਪਣੇ ਪਰਿਵਾਰ ਅਤੇ ਸਮੁੱਚੇ ਜੈਤੋ ਸ਼ਹਿਰ ਦਾ ਮਾਣ ਵਧਾਇਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ। ਇਲਾਕੇ ਦੇ ਵੱਕਾਰੀ ਸੰਗੀਤ ਮੁਕਾਬਲਿਆਂ ਵਿੱਚ ਸ਼ੁਮਾਰ ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 150 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ। ਪ੍ਰਤੀਯੋਗੀਆਂ ਦੀ ਗਾਇਕੀ ਦਾ ਮੁਲਾਂਕਣ ਸੁਰਾਂ ਦੀ ਸ਼ੁੱਧਤਾ, ਲੈਅ, ਆਵਾਜ਼ ਦੀ ਮਿਠਾਸ, ਗੀਤ ਦੀ ਪੇਸ਼ਕਾਰੀ ਅਤੇ ਸਟੇਜ ਪ੍ਰਜ਼ੈਂਸ ਦੇ ਆਧਾਰ ਤੇ ਕੀਤਾ ਗਿਆ। ਦੋ ਸਖ਼ਤ ਆਡੀਸ਼ਨ ਰਾਊਂਡਾਂ ਤੋਂ ਬਾਅਦ ਕੇਵਲ 21 ਪ੍ਰਤੀਯੋਗੀਆਂ ਨੂੰ ਹੀ ਗ੍ਰੈਂਡ ਫਿਨਾਲੇ ਲਈ ਚੁਣਿਆ ਗਿਆ, ਜਿਸ ਨਾਲ ਮੁਕਾਬਲਾ ਹੋਰ ਵੀ ਰੋਮਾਂਚਕ ਬਣ ਗਿਆ। ਗ੍ਰੈਂਡ ਫਿਨਾਲੇ ਤਿੰਨ ਮੁਕਾਬਲਾਤੀ ਪੜਾਵਾਂ ਵਿੱਚ ਆਯੋਜਿਤ ਕੀਤਾ ਗਿਆ। ਪਹਿਲੇ ਰਾਊਂਡ ਤੋਂ ਬਾਅਦ 14, ਦੂਜੇ ਤੋਂ ਬਾਅਦ 9 ਅਤੇ ਅੰਤਿਮ ਰਾਊਂਡ ਵਿੱਚੋਂ 5 ਸਰਵੋਤਮ ਪ੍ਰਤੀਯੋਗੀਆਂ ਨੂੰ ਜੇਤੂ ਐਲਾਨਿਆ ਗਿਆ। ਪੀਹੂ ਨੇ ਹਰ ਰਾਊਂਡ ਵਿੱਚ ਆਪਣੇ ਸੰਗੀਤਕ ਹੁਨਰ, ਮਿੱਠੀ ਆਵਾਜ਼ ਅਤੇ ਪ੍ਰਭਾਵਸ਼ਾਲੀ ਪ੍ਰਸਤੁਤੀ ਨਾਲ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤਦਿਆਂ ਤੀਜਾ ਸਥਾਨ ਹਾਸਲ ਕੀਤਾ। ਉਸ ਦੀ ਇਸ ਉਪਲਬਧੀ ਨੂੰ ਨੌਜਵਾਨ ਪ੍ਰਤਿਭਾ ਦੀ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆ), ਪ੍ਰਧਾਨ ਅਸ਼ੋਕ ਕੁਮਾਰ ਗਰਗ, ਡਾਇਰੈਕਟਰ ਦੀਪੀ ਗਰਗ, ਮੈਨੇਜਿੰਗ ਡਾਇਰੈਕਟਰ ਗੌਰਵ ਕੁਮਾਰ ਲੱਕੀ ਗਰਗ , ਮੈਂਬਰ ਜਗਮੇਲ ਸਿੰਘ ਬਰਾੜ, ਮੈਂਬਰ ਘਨੱਈਆ ਲਾਲ ਗਰਗ ਅਤੇ ਮੈਂਬਰ ਅੰਕੁਰ ਗਰਗ ਨੇ ਪੀਹੂ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥਣ ਦੀ ਇਹ ਪ੍ਰਾਪਤੀ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਿਵਾਲਿਕ ਕਿਡਜ਼ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ ਅਤੇ ਸਿੱਖਿਆ ਦੇ ਨਾਲ-ਨਾਲ ਸੰਗੀਤ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ। ਸਕੂਲ ਪ੍ਰਬੰਧਨ ਨੇ ਇਸ ਸਫਲਤਾ ਦਾ ਸਿਹਰਾ ਸੰਗੀਤ ਅਧਿਆਪਕ ਕੁਲਦੀਪ ਦੀ ਮਿਹਨਤ, ਸਮਰਪਣ ਅਤੇ ਨਿਰੰਤਰ ਮਾਰਗਦਰਸ਼ਨ ਨੂੰ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੀਹੂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਉਨ੍ਹਾਂ ਦੀ ਭੂਮਿਕਾ ਸਰਾਹਣਯੋਗ ਰਹੀ ਹੈ। ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਪੀਹੂ ਨੂੰ ਦਿਲੋਂ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਭਵਿੱਖ ਵਿੱਚ ਵੀ ਆਪਣੀ ਗਾਇਕੀ ਰਾਹੀਂ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਕੇ ਸਕੂਲ, ਜੈਤੋ ਅਤੇ ਪੰਜਾਬ ਦਾ ਨਾਮ ਰਾਸ਼ਟਰੀ ਪੱਧਰ ਤੇ ਰੌਸ਼ਨ ਕਰੇਗੀ।