ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ, ਜਥੇਬੰਦੀਆਂ ਨੇ ਕੱਢੀ ਭੜਾਸ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਰੋਸ਼ ਪ੍ਰਦਰਸ਼ਨ, ਕੱਢੀ ਭੜਾਸ
Publish Date: Thu, 27 Aug 2026 04:09 PM (IST)
Updated Date: Thu, 27 Aug 2026 04:13 PM (IST)
ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ: ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਦੇ ਸੱਦੇ ਤੇ ਸਾਂਝੀ ਤਾਲਮੇਲ ਕਮੇਟੀ ਜਿਲਾ ਫਰੀਦਕੋਟ ਵੱਲੋਂ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਉਲੀਕੇ ਗਏ ਸੰਘਰਸ਼ ਦੇ ਸੱਦੇ ਤਹਿਤ ਅੱਜ ਫਰੀਦਕੋਟ ਵਿਖੇ ਪੰਜਾਬ ਸਰਕਾਰ ਖਿਲਾਫ਼ ਮਹਾਂ ਹੜਤਾਲ ਕਰਦਿਆਂ ਵਿਸ਼ਾਲ ਰੋਸ਼ ਧਰਨਾ ਦਿੱਤਾ ਗਿਆ। ਸ਼ਹਿਰ ਦੇ ਮਿੰਨੀ ਸੈਕਟਰੀਏਟ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਮੂਹਰੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਨੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਹੜਤਾਲ ਕਾਰਨ ਸ਼ਹਿਰ ਦੇ ਸਾਰੇ ਸਰਕਾਰੀ ਦਫ਼ਤਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਦਫ਼ਤਰੀ ਕੰਮ-ਕਾਜ ਮੁਕੰਮਲ ਤੌਰ ਤੇ ਠੱਪ ਰਿਹਾ, ਜਿਸ ਕਰਕੇ ਦਫ਼ਤਰੀ ਕੰਮਾਂ ਲਈ ਆਏ ਲੋਕਾਂ ਨੂੰ ਖਾਲੀ ਹੱਥ ਪਰਤਣਾ ਪਿਆ। ਇਸ ਹੜਤਾਲ ਅਤੇ ਰੋਸ਼ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਦਿੱਤੇ ਜਾ ਰਹੇ ਰੋਸ਼ ਦਾ ਹੀ ਹਿੱਸਾ ਹੈ। ਮਿੰਨੀ ਸੈਕਟਰੀਏਟ ਵਿਖੇ ਧਰਨਾ ਦੇਣ ਤੋਂ ਬਾਅਦ ਸਾਰੇ ਮੁਲਾਜ਼ਮਾਂ ਵੱਲੋਂ ਇੱਕ ਰੋਸ਼ ਮਾਰਚ ਕੱਢਿਆ ਗਿਆ, ਜੋ ਮਿੰਨੀ ਸੈਕਟਰੀਏਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਕਨ੍ਹੱਈਆ ਚੌਂਕ ਤੱਕ ਪਹੁੰਚਿਆ। ਇੱਥੇ ਮੁਲਾਜ਼ਮਾਂ ਨੇ ਜ਼ੋਰਦਾਰ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਆਪਣੀ ਭੜਾਸ ਕੱਢੀ। ਇਸ ਮੌਕੇ ਆਗੂ ਜਤਿੰਦਰ ਸਿੰਘ ਪੀ.ਐਸ.ਐਸ.ਐਫ.,ਸੁਖਵਿੰਦਰ ਸਿੰਘ ਸੁੱਖੀ ਡੀ.ਟੀ.ਐਫ. ਫਰੀਦਕੋਟ, ਅਮਰੀਕ ਸਿੰਘ, ਧਰਮਿੰਦਰ ਸਿੰਘ ਐੱਮ.ਸੀ.ਯੂ., ਇੰਦਰਜੀਤ ਖੀਵਾ, ਡਾਕਟਰ ਗਗਨ, ਹਰਪ੍ਰੀਤ ਸਿੰਘ ਟੀ.ਐਸ.ਯੂ., ਨਵਿੰਦਰ ਪਾਲ ਸਿੰਘ ਐਗਰੀਕਲਚਰ ਡਿਪਾਰਟਮੈਂਟ, ਬਖਸ਼ੀਸ਼ ਸਿੰਘ ਪੀ.ਐਸ.ਐਮ.ਯੂ., ਰਵੀਇੰਦਰ ਸਿੰਘ ਘਾਲੀ, ਗਗਨ ਪਾਹਵਾ, ਇੰਦਰਜੀਤ ਸਿੰਘ ਖੀਵਾ, ਨਵਪ੍ਰੀਤ ਸਿੰਘ ਡੀ.ਐਮ.ਐਫ., ਲਖਵਿੰਦਰ ਕੌਰ, ਹਰਮਨਪ੍ਰੀਤ ਕੌਰ ਗਿੱਲ, ਮਨਜੀਤ ਕੌਰ, ਵਿਕਰਮਜੀਤ ਸਿੰਘ ਢਿੱਲੋ, ਆਸ਼ਾ, ਸਿਮਰਜੀਤ ਸਿੰਘ, ਜਤਿੰਦਰ ਕੁਮਾਰ ਹੰਸ ਅਤੇ ਸੁਖਮੰਦਰ ਸਿੰਘ ਗਿੱਲ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਆਏ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ।ਇਸ ਮੌਕੇ ਮੁੱਖ ਮੰਤਰੀ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਮੁਲਤਵੀ ਕਰਨ ਦੇ ਫੈਸਲੇ ਨੂੰ ਆੜੇ ਹੱਥੀਂ ਲੈਂਦਿਆਂ ਮੁਲਾਜਮਾਂ ਵੱਲੋਂ ਸਰਕਾਰ ਵਿਰੁੱਧ ਹੋਰ ਤਕੜੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ।ਇਸ ਰੋਸ ਪ੍ਰਦਰਸ਼ਨ ਵਿੱਚ ਸਾਰੇ ਜਿਲ੍ਹੇ ਦੇ ਮੁਲਾਜ਼ਮਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ---- ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਧਰਨੇ ਦੌਰਾਨ ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਪਣੀਆਂ ਮੰਗਾਂ ਦੁਹਰਾਈਆਂ: ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ: ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇ। ਬਕਾਇਆ ਮਹਿੰਗਾਈ ਭੱਤਾ (41): ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਰੁਕੀਆਂ ਹੋਈਆਂ ਡੀ.ਏ. ਦੀਆਂ ਕਿਸ਼ਤਾਂ ਅਤੇ ਏਰੀਅਰ ਤੁਰੰਤ ਜਾਰੀ ਕੀਤਾ ਜਾਵੇ। ਪੇ-ਕਮਿਸ਼ਨ ਦੀਆਂ ਤਰੁਟੀਆਂ: ਛੇਵੇਂ ਪੇ-ਕਮਿਸ਼ਨ ਦੀਆਂ ਖਾਮੀਆਂ ਨੂੰ ਦੂਰ ਕਰਕੇ ਮੁਲਾਜ਼ਮਾਂ ਦੀਆਂ ਵਧਾਈਆਂ ਤਨਖਾਹਾਂ ਲਾਗੂ ਕੀਤੀਆਂ ਜਾਣ। ਸਮਾਨ ਕੰਮ ਸਮਾਨ ਤਨਖਾਹ: ਮਾਨਯੋਗ ਅਦਾਲਤਾਂ ਦੇ ਫੈਸਲਿਆਂ ਅਨੁਸਾਰ ਸਭ ਨੂੰ ਸਮਾਨ ਕੰਮ ਲਈ ਸਮਾਨ ਤਨਖਾਹ ਦਿੱਤੀ ਜਾਵੇ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਇਹ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।