ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਮੁਸਤੈਦ ਸਿਹਤ ਵਿਭਾਗ ਫਰੀਦਕੋਟ ਦੀਆਂ ਟੀਮਾਂ ਵੱਲੋਂ ਵਿਸ਼ੇਸ਼ ਲਾਰਵਾ ਚੈਕਿੰਗ, 25 ਥਾਵਾਂ ਤੋਂ ਡੇਂਗੂ ਲਾਰਵਾ ਨਸ਼ਟ
Publish Date: Thu, 30 Jul 2026 05:00 PM (IST)
Updated Date: Thu, 30 Jul 2026 05:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਫਰੀਦਕੋਟ ਦੀ ਮਲੇਰੀਆ ਵਿੰਗ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਫੈਕਟਰੀਆਂ, ਰਾਈਸ ਸ਼ੈਲਰਾਂ, ਪਲਾਂਟ ਨਰਸਰੀਆਂ, ਪਾਰਕਾਂ, ਨਿਰਮਾਣ ਅਧੀਨ ਸਾਈਟਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਡੇਂਗੂ ਮੱਛਰ ਦੀ ਬ੍ਰੀਡਿੰਗ ਰੋਕਣ ਲਈ ਵਿਸ਼ੇਸ਼ ਲਾਰਵਾ ਚੈਕਿੰਗ ਅਤੇ ਮਾਸ ਮੀਡੀਆ ਟੀਮ ਵੱਲੋੰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਹ ਮੁਹਿੰਮ ਰਾਜ ਪੱਧਰ ਤੇ ਜਾਰੀ ਐਂਟੀ ਡੇਂਗੂ ਕੈਂਪੇਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਗਈ। ਅੱਜ ਦੀ ਕਾਰਵਾਈ ਦੌਰਾਨ ਐਮ.ਪੀ.ਐਚ.ਡਬਲਯੂ ਦਵਿੰਦਰ ਸਿੰਘ ਅਤੇ ਬ੍ਰੀਡਿੰਗ ਚੈਕਰ ਦਵਿੰਦਰ ਰਾਜੂ ਦੀ ਟੀਮ ਨੇ ਅੰਬੇਡਕਰ ਪਾਰਕ ਤੋਂ ਭੋਲੂਵਾਲ ਰੋਡ ਤੱਕ, ਐਮ.ਪੀ.ਐਚ.ਡਬਲਯੂ ਜਸਵੀਰ ਸਿੰਘ ਅਤੇ ਬ੍ਰੀਡਿੰਗ ਚੈਕਰ ਮੁਨੀਸ਼ ਕੁਮਾਰ ਨੇ ਚਹਿਲ ਰੋਡ ਸੇਠੀ ਡੇਅਰੀ ਤੋਂ ਚਹਿਲ ਪੁਲ ਅਤੇ ਨਹਿਰ ਦੇ ਨਾਲ ਲੱਗਦੀਆਂ ਨਰਸਰੀਆਂ ਵਿੱਚ, ਜਦਕਿ ਐਮਪੀਐਚਡਬਲਯੂ ਗਗਨਦੀਪ ਅਤੇ ਬ੍ਰੀਡਿੰਗ ਚੈਕਰ ਵਿਜੈ ਕੁਮਾਰ ਨੇ ਸਦਰ ਥਾਣੇ ਤੋਂ ਮਾਈ ਗੋਦੜੀ ਸਾਹਿਬ ਅਤੇ ਰਾਧਾ ਕ੍ਰਿਸ਼ਨ ਧਾਮ ਇਲਾਕੇ ਵਿੱਚ ਡੇਂਗੂ ਲਾਰਵਾ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਜੰਡ ਸਾਹਿਬ ਦੀਆਂ ਟੀਮਾਂ ਨੇ ਸਾਦਿਕ ਰੋਡ ਤੋਂ ਮਚਾਕੀ ਕਲਾਂ ਤੱਕ ਸਥਿਤ ਸ਼ੈਲਰਾਂ, ਕਾਰਖਾਨਿਆਂ, ਕੰਸਟਰਕਸ਼ਨ ਸਾਈਟਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਬ੍ਰੀਡਿੰਗ ਚੈਕਿੰਗ ਕੀਤੀ। ਮੁਹਿੰਮ ਦੌਰਾਨ 25 ਵੱਖ-ਵੱਖ ਥਾਵਾਂ ਤੋਂ ਡੇਂਗੂ ਮੱਛਰ ਦਾ ਲਾਰਵਾ ਮਿਲਿਆ, ਜਿਸ ਨੂੰ ਮਲੇਰੀਆ ਵਿੰਗ ਦੀਆਂ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਸਬੰਧਤ ਥਾਵਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਭਵਿੱਖ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਨਿਯਮਿਤ ਸਫ਼ਾਈ ਬਣਾਈ ਰੱਖਣ ਲਈ ਹਦਾਇਤਾਂ ਵੀ ਦਿੱਤੀਆਂ ਗਈਆਂ। ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਘਰਾਂ, ਫੈਕਟਰੀਆਂ, ਸ਼ੈਲਰਾਂ, ਨਰਸਰੀਆਂ, ਪਾਰਕਾਂ ਅਤੇ ਨਿਰਮਾਣ ਅਧੀਨ ਸਥਾਨਾਂ ਤੇ ਕਿਸੇ ਵੀ ਤਰ੍ਹਾਂ ਸਾਫ਼ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ। ਕੂਲਰਾਂ, ਪਾਣੀ ਦੀਆਂ ਟੈਂਕੀਆਂ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਹੋਰ ਪਾਣੀ ਵਾਲੇ ਭਾਂਡਿਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਜ਼ਰੂਰ ਖਾਲੀ ਕਰਕੇ ਸਾਫ਼ ਕੀਤਾ ਜਾਵੇ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਮਲੇਰੀਆ ਵਿੰਗ ਦੀਆਂ ਟੀਮਾਂ ਵੱਲੋਂ ਲਗਾਤਾਰ ਹਾਈ-ਰਿਸਕ ਖੇਤਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਦਰਦ ਜਾਂ ਹੋਰ ਡੇਂਗੂ ਵਰਗੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਨੇੜਲੇ ਸਰਕਾਰੀ ਸਿਹਤ ਸੰਸਥਾਨ ਨਾਲ ਸੰਪਰਕ ਕਰੇ ਅਤੇ ਸਵੈ-ਇਲਾਜ ਤੋਂ ਗੁਰੇਜ਼ ਕਰੇ। ਸਿਵਲ ਸਰਜਨ ਫਰੀਦਕੋਟ ਡਾ ਰਮਨਦੀਪ ਸਿੰਗਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ, ਪਾਣੀ ਇਕੱਠਾ ਨਾ ਹੋਣ ਦੇਣ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਡੇਂਗੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕੇ।