ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਕੈਂਪ ਲਾਇਆ ਜੱਚਾ ਬੱਚਾ ਹਸਪਤਾਲ ਫਰੀਦਕੋਟ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਵਿਸ਼ੇਸ਼ ਕੈਂਪ ਦਾ ਆਯੋਜਨ
Publish Date: Thu, 23 Jul 2026 03:55 PM (IST)
Updated Date: Thu, 23 Jul 2026 03:58 PM (IST)
ਮੁੰਡਾ-ਕੁੜੀ ’ਚ ਭੇਦਭਾਵ ਖਤਮ ਕਰ ਕੇ ਛੋਟੇ ਤੇ ਖੁਸ਼ਹਾਲ ਪਰਿਵਾਰ ਦੀ ਸੋਚ ਅਪਣਾਉਣ ਦਾ ਸੱਦਾ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਖੰਗੂੜਾ ਦੀ ਪ੍ਰੇਰਣਾ ਸਦਕਾ, ਡਾ. ਪੁਨੀਤ ਕਾਜਲ, ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਫਰੀਦਕੋਟ ਦੀ ਯੋਗ ਅਗਵਾਈ ਹੇਠ ਅੱਜ ਨਵੇਂ ਜੱਚਾ-ਬੱਚਾ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ (ਪੀ.ਐੱਮ.ਐੱਸ.ਐੱਮ.ਏ.) ਦਿਵਸ ਮੌਕੇ ਵਿਸ਼ੇਸ਼ ਸਿਹਤ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਔਰਤ ਰੋਗਾਂ ਦੀ ਮਾਹਿਰ ਡਾ. ਅਲਕਾ ਗੋਇਲ ਵੱਲੋਂ ਗਰਭਵਤੀ ਔਰਤਾਂ ਦੀ ਵਿਸਥਾਰਪੂਰਵਕ ਸਿਹਤ ਜਾਂਚ ਕਰਕੇ ਲੋੜੀਂਦੀ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ ਗਿਆ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਫਰੀਦਕੋਟ ਡਾ. ਮਨਦੀਪ ਕੌਰ ਖੰਗੂੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚ ਮੁੰਡੇ ਅਤੇ ਕੁੜੀ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਸਿੱਖਿਆ, ਖੇਡਾਂ, ਪ੍ਰਸ਼ਾਸਨ, ਵਿਗਿਆਨ, ਸਿਹਤ, ਰੱਖਿਆ ਅਤੇ ਹਰ ਹੋਰ ਖੇਤਰ ਵਿੱਚ ਲੜਕਿਆਂ ਦੇ ਬਰਾਬਰ ਹੀ ਨਹੀਂ, ਸਗੋਂ ਕਈ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਯੋਗ ਜੋੜੇ ਨੂੰ ਦੋ ਬੱਚਿਆਂ ਤੋਂ ਬਾਅਦ ਪਰਿਵਾਰ ਨੂੰ ਸੰਪੂਰਨ ਮੰਨਦਿਆਂ ਹੋਰ ਬੱਚੇ ਪੈਦਾ ਕਰਨ ਤੇ ਪੂਰਨ ਵਿਰਾਮ ਲਗਾਉਣਾ ਚਾਹੀਦਾ ਹੈ। ਮੁੰਡਾ ਹੋਣ ਦੀ ਆਸ ਵਿੱਚ ਵਾਰ-ਵਾਰ ਗਰਭ ਧਾਰਨ ਕਰਨਾ ਨਾ ਸਿਰਫ਼ ਮਾਂ ਦੀ ਸਿਹਤ ਲਈ ਖਤਰਨਾਕ ਹੈ, ਸਗੋਂ ਇਹ ਸਮਾਜਿਕ ਸੰਤੁਲਨ ਲਈ ਵੀ ਠੀਕ ਨਹੀਂ। ਉਨ੍ਹਾਂ ਲੋਕਾਂ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਧੀਆਂ ਨੂੰ ਬਰਾਬਰ ਦੇ ਮੌਕੇ ਦੇਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।ਡਾ. ਪੁਨੀਤ ਕਾਜਲ ਐਸਐਮਓ ਸਿਵਲ ਹਸਪਤਾਲ ਨੇ ਕਿਹਾ ਕਿ ਹਰ ਗਰਭਵਤੀ ਔਰਤ ਨੂੰ ਆਪਣੀ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੀ ਸੁਰੱਖਿਆ ਲਈ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਦਿਵਸ ਮੌਕੇ ਸਰਕਾਰੀ ਸਿਹਤ ਸੰਸਥਾ ਵਿੱਚ ਗਾਇਨੀਕੋਲੋਜਿਸਟ ਅਤੇ ਮੈਡੀਸਨ ਸਪੈਸ਼ਲਿਸਟ ਤੋਂ ਲਾਜ਼ਮੀ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ। ਸਮੇਂ-ਸਮੇਂ ਤੇ ਹੋਣ ਵਾਲੀਆਂ ਜਾਂਚਾਂ ਰਾਹੀਂ ਗਰਭ ਅਵਸਥਾ ਦੌਰਾਨ ਆਉਣ ਵਾਲੀਆਂ ਪੇਚੀਦਗੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਸੰਭਵ ਹੋ ਜਾਂਦਾ ਹੈ, ਜਿਸ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।ਸਮਾਗਮ ਦੌਰਾਨ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਲਖਵਿੰਦਰ ਕੈਂਥ ਅਤੇ ਆਰ.ਐੱਮ.ਐੱਨ.ਸੀ.ਐੱਚ. ਕੌਂਸਲਰ ਲਵਲੀ ਚਾਵਲਾ ਨੇ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ, ਕੇਅਰ ਕੰਪੈਨਿਅਨ ਪ੍ਰੋਗਰਾਮ, ਉੱਚ-ਖਤਰੇ ਵਾਲੀ ਗਰਭ ਅਵਸਥਾ ਦੇ ਲੱਛਣ, ਸੰਤੁਲਿਤ ਖੁਰਾਕ, ਨਿਯਮਿਤ ਜਾਂਚ, ਟੀਕਾਕਰਨ, ਸੰਸਥਾਗਤ ਜਣੇਪਾ, ਮਾਂ ਦੇ ਦੁੱਧ ਦੀ ਮਹੱਤਤਾ, ਨਵਜੰਮੇ ਬੱਚੇ ਦੀ ਦੇਖਭਾਲ, ਪਰਿਵਾਰ ਨਿਯੋਜਨ ਅਤੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਹਰ ਬੁੱਧਵਾਰ ਮਨਾਏ ਜਾਂਦੇ ਵਿਸ਼ੇਸ਼ ਮਮਤਾ ਦਿਵਸ ਅਤੇ ਪਿੰਡਾਂ ਵਿੱਚ ਲਗਾਏ ਜਾ ਰਹੇ ਗੈਰ-ਸੰਚਾਰੀ ਰੋਗਾਂ ਦੀ ਸਕ੍ਰੀਨਿੰਗ ਕੈਂਪਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਅੰਤ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਪੁਨੀਤ ਕਾਜਲ ਨੇ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਸਿਹਤ ਅਧਿਕਾਰੀਆਂ, ਡਾਕਟਰਾਂ, ਨਰਸਿੰਗ ਸਟਾਫ਼, ਆਸ਼ਾ ਵਰਕਰਾਂ, ਮਾਸ ਮੀਡੀਆ ਟੀਮ ਅਤੇ ਹਾਜ਼ਰ ਗਰਭਵਤੀ ਔਰਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਮਾਂ ਅਤੇ ਬੱਚੇ ਦੀ ਸੁਰੱਖਿਆ ਲਈ ਹਰ ਸੰਭਵ ਉਪਰਾਲਾ ਕਰ ਰਿਹਾ ਹੈ ਅਤੇ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।ਇਸ ਮੌਕੇ ਗਰਭਵਤੀ ਔਰਤਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਆਸ਼ਾ ਵਰਕਰ, ਏ.ਐੱਨ.ਐੱਮ., ਨਰਸਿੰਗ ਵਿਦਿਆਰਥੀ ਅਤੇ ਸਿਹਤ ਵਿਭਾਗ ਦਾ ਹੋਰ ਸਟਾਫ਼ ਵੀ ਹਾਜ਼ਰ ਸੀ। 23 ਐਫਡੀਕੇ :ਵਿਸ਼ੇਸ਼ ਸਿਹਤ ਜਾਂਚ ਅਤੇ ਜਾਗਰੂਕਤਾ ਕੈਂਪ ਦੌਰਾਨ ਡਾਕਟਰ ਮਨਦੀਪ ਕੌਰ ਖੰਗੂੜਾ ਅਤੇ ਹੋਰ ਡਾਕਟਰ।