ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਦਿੱਤੀ ਜਾਣਕਾਰੀ
ਸੰਵਿਧਾਨਿਕ ਕਦਰਾਂ ਕੀਮਤਾਂ ਅਤੇ ਚੰਗੀ ਨਾਗਰਿਕਤਾ ਦੇ ਨਿਰਮਾਣ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕੀਤਾ
Publish Date: Thu, 19 Feb 2026 03:30 PM (IST)
Updated Date: Fri, 20 Feb 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਪੀ.ਐੱਮ.ਸ਼੍ਰੀ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸੰਵਿਧਾਨਿਕ ਕਦਰਾਂ ਕੀਮਤਾਂ ਅਤੇ ਚੰਗੀ ਨਾਗਰਿਕਤਾ ਦੇ ਨਿਰਮਾਣ ਹਿੱਤ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਇੱਕ ਵਿਸ਼ੇਸ਼ ਸੈਮੀਨਾਰ ਸਕੂਲ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਐਡਵੋਕੇਟ ਮੈਡਮ ਅਵਿਨਾਸ਼ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਜੀ ਆਇਆਂ ਨੂੰ ਪੋਲ ਸਾਇੰਸ ਲੈਕਚਰਾਰ ਚਰਨਜੀਤ ਕੌਰ ਨੇ ਮੁੱਖ ਮਹਿਮਾਨ, ਸਕੂਲ ਸਟਾਫ਼ ਤੇ ਵਿਦਿਆਰਥਣਾਂ ਨੂੰ ਜੀ ਆਇਆਂ ਨੂੰ ਆਖਦਿਆਂ ਸੰਵਿਧਾਨ ’ਚ ਦਰਜ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਜਾਣੂ ਕਰਵਾਇਆ। ਸੰਸਥਾ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਵਿਦਿਆਰਥਣਾਂ ਨੂੰ ਕਰਤੱਵਾਂ ਦੀ ਪਾਲਣਾ ਅਤੇ ਖਾਸ ਕਰਕੇ ਵਾਤਾਵਰਨ ਪ੍ਰਤੀ ਬਣਦੇ ਫ਼ਰਜ਼ਾਂ ਦੀ ਅਦਾਇਗੀ ਈਮਨਾਦਰੀ ਨਾਲ ਕਰਨ ਵਾਸਤੇ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਸੀਨੀਅਰ ਐਡਵੋਕੇਟ ਅਵਿਨਾਸ਼ ਕੌਰ ਨੇ ਵਿਦਿਆਰਥਣਾਂ ਨੂੰ ਪੋਸਕੋ ਐਕਟ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸਰਕਾਰ ਵੱਲੋਂ ਔਰਤਾਂ ਤੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਅਧਿਆਪਕਾ ਜਸਪਾਲ ਕੌਰ ਗੁਰਾਇਆ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਵਿਦਿਆਰਥਣਾਂ ਨੂੰ ਸੈਮੀਨਾਰ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਅੱਗੇ ਸਮਾਜ ਦੇ ਹੋਰ ਲੋਕਾਂ ਤੱਕ ਪੁੱਜਦੀ ਕਰਨ ਵਾਸਤੇ ਉਤਸ਼ਾਹਿਤ ਕੀਤਾ ਗਿਆ। ਇਸ ਸੈਮੀਨਾਰ ਦੀ ਸਫ਼ਲਤਾ ਵਾਸਤੇ ਲੈਕਚਰਾਰ ਅਮਨਦੀਪ ਕੌਰ, ਲੈਕਚਰਾਰ ਹੋਮ ਸਾਇੰਸ ਗੁਰਮੀਤ ਕੌਰ, ਲੈਕਚਰਾਰ ਕਮਰਸ ਸੁਸ਼ੀਲ ਰਾਣੀ, ਐੱਸ.ਐੱਸ.ਮਿਸਟ੍ਰੈਸ ਪਵਨਦੀਪ ਕੌਰ ਹਾਜ਼ਰ ਸਨ। ਸੈਮੀਨਾਰ ’ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਰਿਫ਼ਰੈਸ਼ਮੈਂਟ ਦਿੱਤੀ ਗਈ। ਅੰਤ ’ਚ ਸਕੂਲ ਦੇ ਪਿ੍ਰੰਸੀਪਲ ਅਤੇ ਸਟਾਫ਼ ਵੱਲੋਂ ਮੁੱਖ ਮਹਿਮਾਨ ਐਡਵੋਕੇਟ ਅਵਿਨਾਸ਼ ਕੌਰ ਨੂੰ ਸਨਮਾਨਿਤ ਕੀਤਾ ਗਿਆ।