ਸਪੀਕਰ ਸੰਧਵਾਂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ
ਸਪੀਕਰ ਸੰਧਵਾਂ ਨੇ ਕੋਟਕਪੂਰਾ ਵਿਖੇ ਵਪਾਰੀਆਂ ਨਾਲ ਕੀਤੀ ਮੀਟਿੰਗ
Publish Date: Thu, 26 Mar 2026 03:54 PM (IST)
Updated Date: Fri, 27 Mar 2026 03:59 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਵਪਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ, ਜਿਸ ਵਿਚ ਇਲਾਕੇ ਦੇ ਵਪਾਰਕ ਅਤੇ ਨਗਰ ਸਹੂਲਤਾਂ ਨਾਲ ਜੁੜੇ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਵਪਾਰੀਆਂ ਨੇ ਸਫ਼ਾਈ ਪ੍ਰਬੰਧ, ਟ੍ਰੈਫਿਕ ਸਮੱਸਿਆਵਾਂ, ਪਾਰਕਿੰਗ ਦੀ ਕਮੀ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਸਬੰਧੀ ਆਪਣੀਆਂ ਮੰਗਾਂ ਸਬੰਧੀ ਸਪੀਕਰ ਸੰਧਵਾਂ ਨੂੰ ਜਾਣੂ ਕਰਵਾਇਆ। ਸੰਧਵਾਂ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਸਪੀਕਰ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਪਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨਾ ਅਤੇ ਵਪਾਰਕ ਮਾਹੌਲ ਨੂੰ ਹੋਰ ਸੁਗਮ ਤੇ ਪਾਰਦਰਸ਼ੀ ਬਣਾਉਣਾ ਹੈ। ਸੰਧਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਵਪਾਰੀ ਆਪਣੀਆਂ ਮੰਗਾਂ ਸਿੱਧੇ ਤੌਰ ’ਤੇ ਸਰਕਾਰੀ ਨੁਮਾਇੰਦਿਆਂ ਅੱਗੇ ਰੱਖ ਰਹੇ ਹਨ, ਜਿਸ ਨਾਲ ਭਰੋਸਾ ਅਤੇ ਪਾਰਦਰਸ਼ਤਾ ਵਧੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਲਈ ਸੁਖਾਲੀ ਅਤੇ ਪਾਰਦਰਸ਼ੀ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ। ਵਪਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇ ਰਹੀ ਹੈ ਅਤੇ ਹਲਕੇ ਦੇ ਵਿਕਾਸ ਵਿੱਚ ਲਗਾਤਾਰ ਜੰਗੀ ਪੱਧਰ ਤੇ ਕਾਰਜ ਜਾਰੀ ਹਨ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹਰ ਖੇਤਰ ਵਿੱਚ ਲਗਾਤਾਰ ਬਦਲਾਅ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੇ ਸਿੱਖਿਆ ਦਾ ਖੇਤਰ ਹੋਵੇ ਜਾਂ ਸਿਹਤ ਦਾ ਖੇਤਰ ਹੋਵੇ,ਪੰਜਾਬ ਸਰਕਾਰ ਵੱਡੇ ਫੰਡ ਖਰਚ ਕਰਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਸੁਖਰਾਜ ਸਿੰਘ ਐਸ.ਡੀ.ਐਮ ਕੋਟਕਪੂਰਾ, ਅੰਮ੍ਰਿਤ ਲਾਲ ਈ.ਓ ਕੋਟਕਪੂਰਾ,ਅਮਨਦੀਪ ਸਿੰਘ ਸੰਧੂ, ਗੈਰੀ ਵੜਿੰਗ, ਜਗਤਾਰ ਸਿੰਘ ਜੱਗਾ ਸਰਪੰਚ ਖਾਰਾ, ਸਿਮਰਨਜੀਤ ਸਿੰਘ ਐਮ.ਸੀ ਕੋਟਕਪੂਰਾ,ਕਾਕੂ ਐਮ.ਸੀ , ਗੋਪੀ ਐਮ.ਸੀ, ਸੁਮਿਤ ਗਰਗ, ਨਰੇਸ਼ ਕੁਮਾਰ, ਸੁਖਜਿੰਦਰ ਤਖੀ ਤੋਂ ਇਲਾਵਾ ਵਪਾਰੀ ਹਾਜ਼ਰ ਸਨ।