ਸਪੀਕਰ ਨੇ ਬਹੁ ਕਰੋੜੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
-ਸਪੀਕਰ ਸੰਧਵਾਂ ਨੇ ਰਾਈਜਿੰਗ ਮੇਨ ਦੇ 23.09 ਕਰੋੜ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
Publish Date: Mon, 23 Feb 2026 03:54 PM (IST)
Updated Date: Tue, 24 Feb 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਲੋਕਾਂ ਨੂੰ ਸੀਵਰੇਜ ਤੇ ਬਰਸਾਤੀ ਪਾਣੀ ਦੀ ਹੁਣ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਦੇ ਦੇਵੀਵਾਲਾ ਰੋਡ ਤੇ ਰਾਈਜਿੰਗ ਮੇਨ ਤੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ ਸ. ਸੰਧਵਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ 23.09 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਐਲਾਨ ਨਹੀਂ ਹੈ, ਇਹ 18 ਮਹੀਨਿਆਂ ਦਾ ਪ੍ਰੋਜੈਕਟ ਹੈ ਅਤੇ ਇਸ ਨੂੰ ਸੀਮਤ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਟਕਪੂਰਾ ਹਲਕੇ ਵਿੱਚ ਵਿਕਾਸ ਦੇ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਰ ਪ੍ਰੋਜੈਕਟਾਂ ਦੇ ਨਾਲ-ਨਾਲ ਛੱਪੜਾਂ ਨੂੰ ਸਾਫ ਕਰਵਾ ਕੇ ਬਰਸਾਤੀ ਪਾਣੀ ਦੀ ਸਟੋਰੇਜ ਲਈ ਵੀ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਵੱਡੇ ਪ੍ਰੋਜੈਕਟਾਂ ਤੇ ਕੰਮ ਕਰਕੇ ਸੂਬੇ ਦਾ ਬਹੁਪੱਖੀ ਵਿਕਾਸ ਕਰ ਰਹੀ ਹੈ। ਉਨ੍ਹਾਂ ਕੋਟਕਪੁਰਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ ਕਰਕਟ ਖੁੱਲੇ ਵਿੱਚ ਨਾ ਸੁੱਟਣ ਤਾਂ ਜੋ ਸੀਵਰੇਜ ਵਿੱਚ ਕਿਸੇ ਵੀ ਕਿਸਮ ਦਾ ਕਚਰਾ ਨਾ ਫਸੇ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਪੁਰਾਣੀਆਂ ਲਾਈਨਾਂ ਨੂੰ ਬਦਲਣਾ, ਨਵੇਂ ਸੀਵਰੇਜ ਪ੍ਰੋਜੈਕਟ ਸ਼ੁਰੂ ਕਰਨਾ, ਅਤੇ ਟ੍ਰੀਟਮੈਂਟ ਪਲਾਂਟਾਂ ਨਾਲ ਜੋੜਨਾ ਜ਼ਰੂਰੀ ਹੈ। ਸਪੀਕਰ ਸੰਧਵਾਂ ਨੇ ਇਹ ਵੀ ਦੱਸਿਆ ਕਿ ਰਜਬਾਹੇ ਦੀ ਰੀ-ਲਾਈਨਿੰਗ ਦਾ 12.50 ਕਰੋੜ ਦੇ ਪ੍ਰੋਜੈਕਟ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਸੂਆ ਟੁੱਟਣ ਕਾਰਨ ਇਲਾਕੇ ਵਿੱਚ ਸਬਜ਼ੀਆਂ ਅਤੇ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਸੀ। ਇਸ ਮਹੱਤਵਪੂਰਨ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਪਾਣੀ ਪ੍ਰਬੰਧਨ ਪ੍ਰਣਾਲੀ ਹੋਰ ਮਜ਼ਬੂਤ ਬਣੇਗੀ। ਇਹ ਉਪਰਾਲਾ ਹਲਕੇ ਦੀ ਖੇਤੀਬਾੜੀ ਅਤੇ ਆਰਥਿਕਤਾ ਨੂੰ ਮਜ਼ਬੂਤੀ ਦੇਣ ਵੱਲ ਇਕ ਅਹਿਮ ਕਦਮ ਸਾਬਤ ਹੋਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਜਤਿੰਦਰ ਸਿੰਘ ਐਸਡੀਓ ਵਾਟਰ ਸਪਲਾਈ, ਗੈਰੀ ਵੜਿੰਗ, ਸਿਮਰਨਜੀਤ ਸਿੰਘ ਐਮ.ਸੀ ਕੋਟਕਪੂਰਾ,ਅਮਨਦੀਪ ਸਿੰਘ, ਪ੍ਰੀਤਮ ਸਿੰਘ, ਕਸ਼ਮੀਰ ਸਿੰਘ ,ਭੋਲਾ ਸਿੰਘ, ਸੰਦੀਪ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।