ਗੌਰਵ ਗਰਗ ਪੰਜਾਬ ਮੰਡੀ ਬੋਰਡ ਦੇ ਨਵੇਂ ਡਿਪਟੀ ਜਨਰਲ ਮੈਨੇਜਰ ਬਣੇ ਗੌਰਵ ਗਰਗ ਪੰਜਾਬ ਮੰਡੀ ਬੋਰਡ ਦੇ ਨਵੇਂ ਡਿਪਟੀ ਜਨਰਲ ਮੈਨੇਜਰ ਬਣਨ ਤੇ ਮੰਡੀ ਬੋਰਡ ਦੇ ਅਧਿਕਾਰੀਆਂ ,ਕਰਮਚਾਰੀਆਂ ,ਆੜਤੀਆਂ ਵੱਲੋਂ ਦਿੱਤੀ ਵਧਾਈ
Publish Date: Mon, 24 Aug 2026 05:03 PM (IST)
Updated Date: Mon, 24 Aug 2026 05:06 PM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਆਪਣੀ ਬਹਿਤਰੀਨ ਕਾਰਜ ਕੁਸ਼ਲਤਾ, ਇਮਾਨਦਾਰੀ, ਅਣਥੱਕ ਮਿਹਨਤ ਅਤੇ ਵਧੀਆ ਪ੍ਰਸ਼ਾਸਨਿਕ ਤਾਲਮੇਲ ਲਈ ਪਛਾਣ ਬਣਾਉਣ ਵਾਲੇ ਗੌਰਵ ਗਰਗ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦਿੰਦਿਆਂ ਡਿਪਟੀ ਜਨਰਲ ਮੈਨੇਜਰ (47M) ਨਿਯੁਕਤ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਫਰੀਦਕੋਟ ਦੇ ਮੰਡੀ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਆੜਤੀਆਂ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ ਕਿਉਂਕਿ ਉਹ ਕਾਫੀ ਸਮੇਂ ਪਹਿਲਾਂ ਫਰੀਦਕੋਟ ਵਿੱਚ ਵੀ ਆਵਦੀਆਂ ਸੇਵਾਵਾਂ ਨਿਭਾ ਕੇ ਗਏ ਸੀ ਅਤੇ ਉਹਨਾਂ ਦਾ ਆੜਤੀਆਂ ਅਤੇ ਕਿਸਾਨਾਂ ਨਾਲ ਵਧੀਆ ਤਾਲਮੇਲ ਸੀ। ਪਦ-ਉੱਨਤੀ ਤੋਂ ਬਾਅਦ ਉਨ੍ਹਾਂ ਦੀ ਤਾਇਨਾਤੀ ਪੰਜਾਬ ਮੰਡੀ ਬੋਰਡ ਦੇ ਹੈੱਡ ਆਫਿਸ ਮੋਹਾਲੀ ਵਿਖੇ ਕੀਤੀ ਗਈ ਹੈ, ਜਿੱਥੇ ਉਨ੍ਹਾਂ ਨੇ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲ ਲਈ ਹੈ। ਗੌਰਵ ਗਰਗ ਦੇ ਅਹੁਦਾ ਸੰਭਾਲਣ ਦੇ ਵਿਸ਼ੇਸ਼ ਮੌਕੇ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਖਾਸ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਨੇ ਗੌਰਵ ਗਰਗ ਦਾ ਮੂੰਹ ਮਿੱਠਾ ਕਰਵਾ ਕੇ ਨਵੀਂ ਜ਼ਿੰਮੇਵਾਰੀ ਲਈ ਹਾਰਦਿਕ ਮੁਬਾਰਕਬਾਦ ਦਿੱਤੀ। ਚੇਅਰਮੈਨ ਹਰਚੰਦ ਸਿੰਘ ਨੇ ਉਮੀਦ ਪ੍ਰਗਟਾਈ ਕਿ ਗੌਰਵ ਗਰਗ ਆਪਣੀ ਕਾਰਜਸ਼ੈਲੀ ਅਤੇ ਤਜਰਬੇ ਦੇ ਦਮ ਤੇ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਨਿਸ਼ਠਾ ਨਾਲ ਨਿਭਾਉਣਗੇ ਅਤੇ ਮੰਡੀ ਬੋਰਡ ਦੀਆਂ ਯੋਜਨਾਵਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਗੌਰਵ ਗਰਗ ਇਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਵਿੱਚ ਮੰਡੀ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਸਨ, ਜਿੱਥੇ ਉਨ੍ਹਾਂ ਨੇ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਬਹੁਤ ਵਧੀਆ ਤਾਲਮੇਲ ਬਣਾ ਕੇ ਸ਼ਾਨਦਾਰ ਸੇਵਾਵਾਂ ਦਿੱਤੀਆਂ। ਆਪਣੀ ਇਸ ਤਰੱਕੀ ਤੇ ਖੁਸ਼ੀ ਪ੍ਰਗਟਾਉਂਦਿਆਂ ਗੌਰਵ ਗਰਗ ਨੇ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ।