ਸਫਾਈ ਸੇਵਕਾਂ ਦੀ ਹੜਤਾਲ ਕਾਰਨ ਗੰਦਗੀ ਤੇ ਬਿਮਾਰੀਆਂ ਦਾ ਖਤਰਾ ਵਧਿਆ ਫਰੀਦਕੋਟ 'ਚ ਮੀਂਹ ਨਾਲ ਗਰਮੀ ਤੋਂ ਰਾਹਤ,
Publish Date: Tue, 28 Jul 2026 06:42 PM (IST)
Updated Date: Wed, 29 Jul 2026 04:10 AM (IST)
ਸਥਾਨਕ ਲੋਕਾਂ ’ਚ ਭਾਰੀ ਰੋਸ ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ ਵਿੱਚ ਬੀਤੇ ਦਿਨੀਂ ਪਏ ਲਗਾਤਾਰ ਇੱਕ ਘੰਟੇ ਦੇ ਭਾਰੀ ਮੀਂਹ ਨਾਲ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਤੇ ਹੁੰਮਸ ਤੋਂ ਵੱਡੀ ਰਾਹਤ ਮਿਲੀ ਅਤੇ ਸਮਾਂ ਖੁਸ਼ਨੁਮਾ ਹੋ ਗਿਆ, ਉੱਥੇ ਹੀ ਸ਼ਹਿਰ ਦੇ ਚਾਰੇ ਪਾਸੇ ਪਾਣੀ ਭਰਨ ਕਾਰਨ ਟ੍ਰੈਫਿਕ ਜਾਮ ਦੀ ਗੰਭੀਰ ਸਥਿਤੀ ਦੇਖਣ ਨੂੰ ਮਿਲੀ। ਪਰ ਇਸ ਮੀਂਹ ਨੇ ਸ਼ਹਿਰ ਦੀ ਸਫਾਈ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਹੀਨੇ ਤੋਂ ਚੱਲ ਰਹੀ ਹੜਤਾਲ, ਕੂੜੇ ਚੋਂ ਉੱਠ ਰਹੀ ਬਦਬੂ ਸ਼ਹਿਰ ’ਚ ਸਫਾਈ ਸੇਵਕਾਂ ਦੀ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੜਤਾਲ ਕਾਰਨ ਹਰ ਗਲੀ, ਨੁੱਕੜ ਅਤੇ ਚੌਰਾਹੇ ਤੇ ਕੂੜੇ ਦੇ ਵਿਸ਼ਾਲ ਢੇਰ ਲੱਗੇ ਹੋਏ ਹਨ। ਪਹਿਲਾਂ ਪਏ ਦੋ ਮੀਂਹਾਂ ਕਾਰਨ ਇਹ ਕੂੜਾ ਪਹਿਲਾਂ ਹੀ ਗਲਣਾ ਸ਼ੁਰੂ ਹੋ ਗਿਆ ਸੀ, ਅਤੇ ਹੁਣ ਮੁੜ ਪਏ ਮੀਂਹ ਨੇ ਸਥਿਤੀ ਹੋਰ ਵੀ ਭਿਆਨਕ ਬਣਾ ਦਿੱਤੀ ਹੈ। ਥਾਂ-ਥਾਂ ਗਲੇ ਹੋਏ ਕੂੜੇ ਕਚਰੇ ਚੋਂ ਅਸਹਿ ਬਦਬੂ ਆ ਰਹੀ ਹੈ, ਜਿਸ ਨਾਲ ਇਲਾਕੇ ਵਿੱਚ ਮਹਾਮਾਰੀ ਅਤੇ ਬਿਮਾਰੀਆਂ ਫੈਲਣ ਦਾ ਗੰਭੀਰ ਖਤਰਾ ਬਣ ਗਿਆ ਹੈ। ਇਸ ਸਥਿਤੀ ਨੂੰ ਲੈ ਕੇ ਆਮ ਜਨਤਾ ਵਿੱਚ ਪ੍ਰਸ਼ਾਸਨ ਵਿਰੁੱਧ ਪੂਰਾ ਰੋਸ ਪਾਇਆ ਜਾ ਰਿਹਾ ਹੈ। ਇਸ ਮੁੱਦੇ ਤੇ ਬੋਲਦਿਆਂ ਮਹਿੰਦਰ ਕੁਮਾਰ ਬੰਸਲ ਅਤੇ ਅਰਵਿੰਦ ਗੁਪਤਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਅਣਦੇਖੀ ਕਾਰਨ ਸ਼ਹਿਰ ਨਰਕ ਦੀ ਜ਼ਿੰਦਗੀ ਜੀਣ ਲਈ ਮਜਬੂਰ ਹੈ। ਉਹਨਾਂ ਮੰਗ ਕੀਤੀ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਕਰਕੇ ਸ਼ਹਿਰ ਦੀ ਸਫਾਈ ਵਿਵਸਥਾ ਤੁਰੰਤ ਬਹਾਲ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਇਸ ਬਦਬੂ ਅਤੇ ਗੰਦਗੀ ਤੋਂ ਨਿਜਾਤ ਮਿਲ ਸਕੇ। ਕੋਟਸ--- ‘ਮੀਂਹ ਦੇ ਪਾਣੀ ’ਚ ਗਲੇ ਹੋਏ ਕੂੜੇ ਨਾਲ ਹੈਜ਼ਾ, ਡੇਂਗੂ, ਮਲੇਰੀਆ, ਟਾਈਫਾਇਡ ਤੇ ਢਿੱਡ ਦੀਆਂ ਗੰਭੀਰ ਬਿਮਾਰੀਆਂ ਫੈਲਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਡਾ. ਚੰਦਰਸ਼ੇਖਰ ਕੱਕੜ (ਸਿਹਤ ਮਾਹਿਰ) ਬਾਕਸ-- ਬਚਾਅ ਦੇ ਜ਼ਰੂਰੀ ਉਪਾਅ: ਪਾਣੀ ਹਮੇਸ਼ਾ ਉਬਾਲ ਕੇ ਹੀ ਪੀਓ। ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ। ਬਾਹਰਲਾ ਅਤੇ ਖੁੱਲ੍ਹਾ ਖਾਣਾ ਖਾਣ ਤੋਂ ਪਰਹੇਜ਼ ਕਰੋ। ਘਰ ਵਿੱਚ ਖਾਣਾ ਢੱਕ ਕੇ ਰੱਖੋ ਅਤੇ ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ।