- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਾਂ ਦੀ ਮੁਕਤੀ ਲਈ ਪੱਤਰਕਾਰੀ ਦਾ ਚਾਨਣ ਮੁਨਾਰਾ ਸ਼ਹੀਦ ਭਗਤ ਸਿੰਘ : ਸੰਤੋਖ ਗਿੱਲ

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕੋਟਕਪੂਰਾ ਵਲੋਂ ਸਥਾਨਕ ਡਾ ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਵਿਖੇ ਅਜਾਦੀ ਦੇ ਪ੍ਰਵਾਨਿਆਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਵਿੱਚ ਕਰਵਾਏ ਗਏ ਸੈਮੀਨਾਰ ਦੌਰਾਨ ਜਥੇਬੰਦੀ ਦੇ ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ ਨੇ ਸ਼ਹੀਦ ਭਗਤ ਸਿੰਘ ਨੂੰ ਲੋਕਾਂ ਦੀ ਮੁਕਤੀ ਲਈ ਪੱਤਰਕਾਰੀ ਦਾ ਚਾਨਣ ਮੁਨਾਰਾ ਦੱਸਿਆ। ‘ਆਉ ਸ਼ਹੀਦ ਭਗਤ ਸਿੰਘ ਤੋਂ ਸਿੱਖੀਏ ਲੋਕ ਪੱਖੀ ਪੱਤਰਕਾਰੀ ਕਿਵੇਂ ਕੀਤੀ ਜਾਵੇ’ ਵਿਸ਼ੇ ’ਤੇ ਪਰਚਾ ਪੜਦਿਆਂ ਸੰਤੋਖ ਗਿੱਲ ਨੇ ਦਾਅਵਾ ਕੀਤਾ ਕਿ ਸ਼ਹਾਦਤ ਸਮੇਂ ਸ਼ਹੀਦ ਭਗਤ ਸਿੰਘ ਮਹਿਜ ਸਾਢੇ 23 ਸਾਲਾਂ ਦਾ ਨੌਜਵਾਨ ਸੀ ਅਤੇ ਆਮ ਲੋਕਾਂ ਦੀ ਨਿਗਾ ਵਿੱਚ ਵੀ ਭਗਤ ਸਿੰਘ ਇਕ ਜੋਸ਼ੀਲਾ ਅਤੇ ਵਿਦਰੋਹੀ ਨੌਜਵਾਨ ਸੀ। ਉਹਨਾ ਦਾਅਵਾ ਕੀਤਾ ਕਿ ਰੋਸ਼ਨ ਦਿਮਾਗ, ਨਿਡਰ, ਪੱਤਰਕਾਰੀ ਦਾ ਚਾਨਣ ਮੁਨਾਰਾ, ਆਲੋਚਨਾਤਮਕ ਸੋਚ, ਪੇ੍ਰਨਾ ਸਰੋਤ, ਗਿਆਨ, ਬੁੱਧੀ ਅਤੇ ਖੋਜੀ ਪੱਤਰਕਾਰੀ ਵਿੱਚ ਨਿਰਪੱਖਤਾ ਦੀ ਜਿੱਦ ਭਗਤ ਸਿੰਘ ਦਾ ਅਸਲ ਮਨੋਰਥ ਹੋ ਨਿਬੜਿਆ। ਸੰਤੋਖ ਗਿੱਲ ਨੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਨਵੇਂ ਅਤੇ ਲੁਕਵੇਂ ਅਨੇਕਾਂ ਨੁਕਤਿਆਂ ਤੋਂ ਜਾਣੂ ਕਰਵਾਇਆ। ਉਹਨਾ ਪੱਤਰਕਾਰਾਂ ’ਤੇ ਕੀਤੇ ਜਾ ਰਹੇ ਝੂਠੇ ਮਾਮਲਿਆਂ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਪੱਤਰਕਾਰਾਂ ਨਾਲ ਕੀਤੀ ਜਾਂਦੀ ਵਿਤਕਰੇਬਾਜੀ ਦੀਆਂ ਵੀ ਅਨੇਕਾਂ ਉਦਾਹਰਨਾ ਦਿੱਤੀਆਂ। ਜਥੇਬੰਦੀ ਦੀ ਕੋਮੀ ਕੋਂਸਲ ਦੇ ਮੈਂਬਰ ਸੁਖਨੈਬ ਸਿੰਘ ਸਿੱਧੂ ਨੇ ਪੱਤਰਕਾਰਤਾ ਦੇ ਪਿਛੋਕੜ ਅਤੇ ਵਰਤਮਾਨ ਦੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਆਖਿਆ ਕਿ ਅੱਜ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਲਈ ਕੁਝ ਹੱਦ ਤੱਕ ਪੱਤਰਕਾਰ ਭਾਈਚਾਰਾ ਵੀ ਜਿੰਮੇਵਾਰ ਹੈ। ਉਹਨਾ ਕਾਰਪੋਰੇਟ ਘਰਾਣੇ ਬਣ ਚੁੱਕੇ ਮੀਡੀਏ ਦੇ ਕੁਝ ਹਿੱਸੇ ਦਾ ਹਵਾਲਾ ਦਿੰਦਿਆਂ ਆਖਿਆ ਕਿ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਨਿਰਪੱਖ ਅਤੇ ਨਿਡਰ ਪੱਤਰਕਾਰ ਆਪਣੀ ਗੱਲ ਆਖਣ ਦੀ ਜੁਰਅਤ ਰੱਖਦਾ ਹੈ। ਸਟੇਜ ਸੰਚਾਲਨ ਕਰਦਿਆਂ ਜਥੇਬੰਦੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਇਕ ਖਬਰ ਨਾਲ ਸਰਕਾਰਾਂ ਦੇ ਡਿੱਗਣ, ਸਰਕਾਰਾਂ ਦੇ ਖਤਰੇ ਵਿੱਚ ਪੈਣ ਜਾਂ ਪੱਤਰਕਾਰ ਵਲੋਂ ਖੁਦ ਨੂੰ ਇਕ ਖਬਰ ਨਾਲ ਮੁਸੀਬਤਾਂ ਵਿੱਚ ਪਾ ਲੈਣ ਵਾਲਾ ਜਜਬਾ ਹੁਣ ਪੱਤਰਕਾਰਾਂ ਵਿੱਚ ਨਹੀਂ ਰਿਹਾ। ਪਿ੍ਰੰਸੀਪਲ ਪੰਨਾ ਲਾਲ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸੋਚ ਅਪਣਾਉਣ ਅਤੇ ਪ੍ਰਚਾਰਨ ਲਈ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ ਕੀਤੇ ਜਾਣ ਵਾਲੇ ਪੋ੍ਗਰਾਮ ਨਵੀਂ ਪੀੜੀ ਲਈ ਪੇ੍ਰਨਾਸਰੋਤ ਹਨ। ਇਨਕਲਾਬੀ ਸੋਚ ਰੱਖਣ ਵਾਲੇ ਗਾਇਕ ਨਾਹਰ ਸਿੰਘ ਗਿੱਲ ਨੇ ਸ਼ਹੀਦਾਂ ਦੀਆਂ ਜੀਵਨੀਆਂ ਅਤੇ ਕੁਰਬਾਨੀਆਂ ਨਾਲ ਸਬੰਧਤ ਗੀਤ ਗਾ ਕੇ ਸਮਾਗਮ ਵਿੱਚ ਜੋਸ਼ ਭਰ ਦਿੱਤਾ। ਸਮਾਗਮ ਦੌਰਾਨ ਹੁਕਮ ਚੰਦ ਬੀਏ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਜਥੇਬੰਦੀ ਦੇ ਇਕਾਈ ਪ੍ਰਧਾਨ ਮੋਹਰ ਸਿੰਘ ਗਿੱਲ ਨੇ ਮੁੱਖ ਵਕਤਾ ਸਮੇਤ ਸਾਰਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਤਰਾਂ ਦੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਅੰਤ ਵਿੱਚ ਸੰਤੋਖ ਗਿੱਲ ਅਤੇ ਸੁਖਨੈਬ ਸਿੰਘ ਸਿੱਧੂ ਸਮੇਤ ਵੀਰਪਾਲ ਭਗਤਾ ਸੂਬਾਈ ਸਕੱਤਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।