- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀ ਪੀ ਆਈ ਵਲੋਂ 'ਬਦਲਾਅ ਜ਼ਰੂਰੀ ਹੈ' ਦੇ ਨਾਅਰੇ ਹੇਠ ਪਹਿਲੀ ਸਤੰਬਰ ਨੂੰ ਦਿੱਲੀ ਚੱਲੋ ਦਾ ਹੋਕਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ‘ਬਦਲਾਅ ਜ਼ਰੂਰੀ ਹੈ’ ਦੇ ਨਾਅਰੇ ਹੇਠ ਪਹਿਲੀ ਸਤੰਬਰ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਦੇਸ਼ ਪੱਧਰੀ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਪਾਰਟੀ ਦੇ ਵਿੱਤ ਸਕੱਤਰ ਕਾਮਰੇਡ ਗੁਰਚਰਨ ਸਿੰਘ ਮਾਨ, ਸੁਖਜਿੰਦਰ ਸਿੰਘ ਤੂੰਬੜਭੰਨ ਜ਼ਿਲ੍ਹਾ ਪ੍ਰਧਾਨ ਅਤੇ ਜਤਿੰਦਰ ਸਿੰਘ ਜੰਡਵਾਲਾ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ, ਕਾਮਰੇਡ ਵੀਰ ਸਿੰਘ ਕੰਮੇਆਣਾ ਪ੍ਰਧਾਨ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ, ਇੰਦਰਜੀਤ ਸਿੰਘ ਗਿੱਲ ਅਤੇ ਚੰਦ ਸਿੰਘ ਡੋਡ ਸੀਨੀਅਰ ਟਰੇਡ ਯੂਨੀਅਨ ਆਗੂ ਏਟਕ ਅਤੇ ਬਲਕਾਰ ਸਿੰਘ ਸਹੋਤਾ ਨੇ ਦਿੱਲੀ ਰੈਲੀ ਦਾ ਪੋਸਟਰ ਜਾਰੀ ਕੀਤਾ।
ਇਸ ਮੌਕੇ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦੇ ਪਿਛਲੇ 12 ਸਾਲ ਦੇ ਰਾਜ ਪ੍ਰਬੰਧ ’ਚ ਜਿੱਥੇ ਕਾਰਪੋਰੇਟਾਂ ਦੀ ਦੌਲਤ ਵਿੱਚ ਅਥਾਹ ਵਾਧਾ ਹੋਇਆ ਹੈ, ਉੱਥੇ ਆਮ ਮਿਹਨਤਕਸ਼ ਲੋਕਾਂ ਖਾਸ ਕਰ ਕੇ ਮਜ਼ਦੂਰਾਂ, ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਰਸੋਈ ਗੈਸ ਤੋਂ ਲੈ ਕੇ ਨਿੱਤ ਵਰਤੋਂ ਦੀਆਂ ਵਸਤਾਂ ਦੀ ਮਹਿੰਗਾਈ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਹਾਲ ਕਰ ਦਿੱਤੀ ਹੈ, ਬੇਰੁਜ਼ਗਾਰੀ ਵਿੱਚ ਅੰਤਾਂ ਦਾ ਵਾਧਾ ਹੋਇਆ ਹੈ, ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਪਿੰਡਾਂ ਦੇ ਕਰੋੜਾਂ ਗਰੀਬਾਂ ਦਾ ਪਿਛਲੇ ਵੀਹ ਸਾਲਾਂ ਤੋਂ ਸਹਾਰਾ ਸਾਬਤ ਹੋਈ ਮਨਰੇਗਾ ਸਕੀਮ ਦਾ ਭੋਗ ਪਾ ਕੇ ਨਵੀਂ ਰੁਜ਼ਗਾਰ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਬਾਰੇ ਮਜ਼ਦੂਰ ਜਥੇਬੰਦੀਆਂ ਨੂੰ ਗੰਭੀਰ ਖਦਸ਼ੇ ਪ੍ਰਗਟ ਕੀਤੇ ਹਨ।
ਆਗੂਆਂ ਨੇ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਵਾਪਰੀ ਹੈ ਕਿ ਦੇਸ਼ ਦੀਆਂ ਜਾਂਚ ਏਜੰਸੀਆਂ, ਚੋਣ ਕਮਿਸ਼ਨ, ਰਿਜ਼ਰਵ ਬੈਂਕ, ਨਿਆਂ ਪਾਲਿਕਾ ਆਦਿ ਸੰਵਿਧਾਨਕ ਸੰਸਥਾਵਾਂ ਨੂੰ ਹਾਕਮ ਪਾਰਟੀ ਦੀ ਮਰਜ਼ੀ ਮੁਤਾਬਿਕ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਇਨ੍ਹਾਂ ਸੰਸਥਾਵਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਰਹਿੰਦੀ ਕਸਰ ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਉੱਪਰ ਤਸ਼ੱਦਦ ਦੀਆਂ ਘਟਨਾਵਾਂ ਨੇ ਪੂਰੀ ਕਰ ਦਿੱਤੀ ਹੈ ਅਤੇ ਉਹ ਭੈਅ ਦੇ ਮਾਹੌਲ ਵਿੱਚ ਦਿਨ ਕੱਟੀ ਕਰਨ ਲਈ ਮਜਬੂਰ ਹਨ। ਆਗੂਆਂ ਨੇ ਕਿਹਾ ਕਿ ਸੀਪੀਆਈ ਦਾ ਸੌ ਸਾਲ ਦਾ ਸੰਘਰਸ਼ਾਂ ਅਤੇ ਕੁਰਬਾਨੀਆਂ ਦਾ ਇਤਿਹਾਸ ਹੈ ਅਤੇ ਪਾਰਟੀ ਦੇਸ਼ ਦੇ ਇਸ ਔਖੇ ਸਮੇਂ ਚੁੱਪ ਕਰ ਕੇ ਨਹੀਂ ਬੈਠੇਗੀ। ਇਨ੍ਹਾਂ ਹਾਲਤਾਂ ਵਿਚ ਹਾਂ ਪੱਖੀ ਤਬਦੀਲੀ ਲਿਆਉਣ ਲਈ ਹੀ ਪਾਰਟੀ ਦੋ ਮਹੀਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਹਿੰਮ ਚਲਾਏਗੀ, ਜਿਸਦਾ ਸਿਖਰ ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ਹੋ ਰਹੀ ਰੈਲੀ ਹੋਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਸੁੱਖਣ ਵਾਲਾ, ਗੁਰਦੀਪ ਸਿੰਘ ਕੰਮੇ ਆਂਣਾ, ਮੰਦਰ ਸਿੰਘ, ਤਰਲੋਕ ਸਿੰਘ ਰਾਜੋ ਵਾਲਾ, ਰਮਨਦੀਪ ਸਿੰਘ ਰਿੰਕੂ ਅਤੇ ਸੁਖਮੰਦਰ ਸਿੰਘ ਢੁੱਡੀ ਆਦਿ ਹਾਜ਼ਰ ਸਨ।