ਬੋਸ਼ੀਆ ਖਿਡਾਰੀਆਂ ਦੇ ਚੋਣ ਟਰਾਇਲ ਅੱਜ ਤੋਂ
ਚੰਡੀਗੜ੍ਹ ਵਿਖੇ ਏਸ਼ੀਅਨ ਪੈਰਾ ਖੇਡਾਂ ਲਈ ਬੋਸ਼ੀਆ ਖਿਡਾਰੀਆਂ ਦੇ ਚੋਣ ਟਰਾਇਲ 11 ਅਤੇ 12 ਜੂਨ ਨੂੰ
Publish Date: Wed, 10 Jun 2026 03:46 PM (IST)
Updated Date: Thu, 11 Jun 2026 04:02 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਜੈਤੋ : ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਏਸ਼ੀਅਨ ਪੈਰਾ ਖੇਡਾਂ-2026 ਲਈ ਭਾਰਤੀ ਟੀਮ ਦੀ ਚੋਣ ਦੇ ਮੱਦੇਨਜ਼ਰ ਬੋਸ਼ੀਆ ਖਿਡਾਰੀਆਂ ਦੇ ਟਰਾਇਲ ਮਿਤੀ 11 ਅਤੇ 12 ਜੂਨ ਨੂੰ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਹਨ। ਇਹ ਟਰਾਇਲ ਦੇਸ਼ ਭਰ ਦੇ ਯੋਗ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਆਪਣੀ ਕਾਬਲੀਅਤ ਸਾਬਤ ਕਰਨ ਅਤੇ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨਗੇ। ਫੈਡਰੇਸ਼ਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇੱਛੁਕ ਖਿਡਾਰੀਆਂ ਨੇ 8 ਜੂਨ ਤੱਕ ਆਨਲਾਈਨ ਅਰਜ਼ੀਆਂ ਭੇਜੀਆਂ ਹਨ। ਚੋਣ ਪ੍ਰਕਿਰਿਆ ਤਹਿਤ ਬੀਸੀ-3 ਕੈਟਾਗਰੀ ਦੀਆਂ ਲੜਕੀਆਂ ਦੇ ਟਰਾਇਲ 11 ਜੂਨ ਨੂੰ ਅਤੇ ਲੜਕਿਆਂ ਦੇ ਟਰਾਇਲ 12 ਜੂਨ ਨੂੰ ਸਵੇਰੇ 9.00 ਵਜੇ ਮਿੰਨੀ ਸਪੋਰਟਸ ਕੰਪਲੈਕਸ, ਸੈਕਟਰ-8, ਚੰਡੀਗੜ੍ਹ ਵਿਖੇ ਕਰਵਾਏ ਜਾਣਗੇ। ਇਸ ਮੌਕੇ ਬੋਸ਼ੀਆ ਇੰਡੀਆ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਟਰਾਇਲਾਂ ਵਿੱਚ ਸ਼ਾਮਿਲ ਹੋਣ ਵਾਲੇ ਖਿਡਾਰੀਆਂ ਲਈ ਆਪਣੇ ਪਿਛਲੇ ਨੈਸ਼ਨਲ ਚੈਂਪੀਅਨਸ਼ਿਪ ਦੇ ਸਰਟੀਫਿਕੇਟ, ਪਛਾਣ ਪੱਤਰ, ਫੋਟੋਗ੍ਰਾਫ ਅਤੇ ਹੋਰ ਲੋੜੀਂਦੇ ਦਸਤਾਵੇਜ਼ ਨਾਲ ਲਿਆਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਸਮੇਂ ਦੀ ਪਾਬੰਦੀ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਖਿਡਾਰੀ ਨਿਰਧਾਰਤ ਸਮੇਂ ’ਤੇ ਮੈਦਾਨ ਵਿੱਚ ਹਾਜ਼ਰ ਹੋਣ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਯੋਗਤਾ ਦੇ ਆਧਾਰ ’ਤੇ ਕੀਤੀ ਜਾਵੇਗੀ। ਫੈਡਰੇਸ਼ਨ ਦੀ ਸਿਲੈਕਸ਼ਨ ਕਮੇਟੀ ਦੇ ਮਾਹਿਰ ਪੈਨਲ ਵੱਲੋਂ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਕੇ ਅੰਤਿਮ ਟੀਮ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਖਿਡਾਰੀ 18 ਤੋਂ 24 ਅਕਤੂਬਰ 2026 ਤੱਕ ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਖੇਡ ਪ੍ਰੇਮੀਆਂ ਅਤੇ ਬੋਸ਼ੀਆ ਪਰਿਵਾਰ ਵਿੱਚ ਇਨ੍ਹਾਂ ਟਰਾਇਲਾਂ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਉਮੀਦ ਜਤਾਈ ਕਿ ਇਸ ਚੋਣ ਪ੍ਰਕਿਰਿਆ ਰਾਹੀਂ ਭਾਰਤ ਨੂੰ ਅਜਿਹੇ ਪ੍ਰਤਿਭਾਸ਼ਾਲੀ ਖਿਡਾਰੀ ਮਿਲਣਗੇ ਜੋ ਏਸ਼ੀਅਨ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਦਵਿੰਦਰ ਸਿੰਘ ਟਫ਼ੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਪ੍ਰਮੋਦ ਧੀਰ, ਜਗਰੂਪ ਸਿੰਘ ਸੂਬਾ ਬਰਾੜ, ਜਸਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਕੁਲਾਰ, ਅਮਨਦੀਪ ਸਿੰਘ, ਕੁਲਦੀਪ ਸਿੰਘ ਅਤੇ ਸੁਖਜਿੰਦਰ ਸਿੰਘ ਸਮੇਤ ਹੋਰ ਅਹੁਦੇਦਾਰਾਂ ਨੇ ਸਾਰੇ ਖਿਡਾਰੀਆਂ ਨੂੰ ਟਰਾਇਲਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।