ਟਿੱਲਾ ਬਾਬਾ ਫਰੀਦ ਜੀ ਵਿਖੇ ਕੀਰਤਨ ਦਰਬਾਰ ਸਜਾਇਆ ਬਾਬਾ ਫ਼ਰੀਦ ਆਗਮਨ-ਪੁਰਬ ਦੀ ਦੂਜੀ ਸ਼ਾਮ ਰੂਹਾਨੀ ਕਥਾ ਤੇ ਕੀਰਤਨ ਨਾਲ ਹੋਈ ਸਰਸ਼ਾਰ
Publish Date: Mon, 21 Sep 2026 04:28 PM (IST)
Updated Date: Mon, 21 Sep 2026 04:30 PM (IST)
ਗਿਆਨੀ ਕਿਸ਼ਨ ਸਿੰਘ ਜੀ ਨੇ ਕਥਾ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ: ਬਾਬਾ ਫ਼ਰੀਦ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਆਗਮਨ-ਪੁਰਬ 2026 ਦੇ ਚੱਲ ਰਹੇ ਸਮਾਗਮਾਂ ਦੀ ਦੂਜੀ ਸ਼ਾਮ ਰੂਹਾਨੀ ਰੰਗ ਵਿੱਚ ਰੰਗੀ ਰਹੀ। ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ, ਫ਼ਰੀਦਕੋਟ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਦੇਖ-ਰੇਖ ਹੇਠ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਵਿਸ਼ਾਲ ਕਥਾ ਅਤੇ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਅਤੇ ਕੀਰਤਨ ਦਾ ਆਨੰਦ ਮਾਣਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਸ਼ਾਮ ਦੇ ਸਮਾਗਮ ਦੌਰਾਨ ਪ੍ਰਸਿੱਧ ਕਥਾ-ਵਾਚਕ ਗਿਆਨੀ ਕਿਸ਼ਨ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੀ ਵਿਆਖਿਆ ਕਰਦਿਆਂ ਆਪਣੇ ਰੂਹਾਨੀ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੀ ਬਾਣੀ ਵਿੱਚੋਂ ਮਿਲਦੇ ਪ੍ਰੇਮ, ਨਿਮਰਤਾ, ਸੇਵਾ, ਸਬਰ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾਉਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇਸ ਉਪਰੰਤ ਭਾਈ ਸੁਰਿੰਦਰ ਸਿੰਘ ਜੀ, ਹਜ਼ੂਰੀ ਰਾਗੀ ਜੱਥਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਇਲਾਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸਮੁੱਚੇ ਮਾਹੌਲ ਨੂੰ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਰਾਗੀ ਜੱਥੇ ਵੱਲੋਂ ਗਾਇਨ ਕੀਤੇ ਗਏ ਸ਼ਬਦਾਂ ਦੀਆਂ ਮਧੁਰ ਧੁਨਾਂ ਨਾਲ ਸੰਗਤਾਂ ਗੁਰੂ ਚਰਨਾਂ ਨਾਲ ਜੁੜੀਆਂ ਅਤੇ ਸਮੁੱਚਾ ਦਰਬਾਰ ਸ਼ਰਧਾ ਤੇ ਭਗਤੀ ਦੇ ਰੰਗ ਵਿੱਚ ਸਰਸ਼ਾਰ ਹੋ ਗਿਆ। ਸਿਮਰਜੀਤ ਸਿੰਘ ਸੇਖੋਂ ਜੀ ਨੇ ਅਗਲੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਸਤੰਬਰ ਨੂੰ ਕਥਾ ਅਤੇ ਕੀਰਤਨ ਸਮਾਗਮ ਅਤੇ 22 ਸਤੰਬਰ ਨੂੰ ਵਿਸ਼ੇਸ਼ ਕੀਰਤਨ ਸਮਾਗਮ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸ਼ਾਮ 7:00 ਵਜੇ ਤੋਂ ਰਾਤ 9:00 ਵਜੇ ਤੱਕ ਕਰਵਾਏ ਜਾਣਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਇਨ੍ਹਾਂ ਰੂਹਾਨੀ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਦਾ ਆਗਮਨ-ਪੁਰਬ ਸਿਰਫ਼ ਫ਼ਰੀਦਕੋਟ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿੱਚ ਵੱਸਦੇ ਬਾਬਾ ਫ਼ਰੀਦ ਜੀ ਦੇ ਸ਼ਰਧਾਲੂਆਂ ਲਈ ਅਥਾਹ ਆਸਥਾ ਅਤੇ ਸ਼ਰਧਾ ਦਾ ਕੇਂਦਰ ਹੈ। ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਬਾਬਾ ਫ਼ਰੀਦ ਜੀ ਦੇ ਪਾਵਨ ਅਸਥਾਨਾਂ ’ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਅਤੇ ਗੁਰੂ-ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਪਾਵਨ ਮੌਕੇ ਚਰਨਜੀਤ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ,ਦੀਪਇੰਦਰ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ, ਰਾਜਪਾਲ ਕੌਰ ਸੇਖੋਂ, ਡਾ. ਗੁਰਇੰਦਰ ਮੋਹਨ ਸਿੰਘ, ਕੁਲਜੀਤ ਸਿੰਘ ਮੌਗੀਆਂ, ਅਤੇ ਨਰਿੰਦਰ ਪਾਲ ਸਿੰਘ ਬਰਾੜ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। 21 ਐਫਡੀਕੇ : ਰੂਹਾਨੀ ਕਥਾ ਤੇ ਕੀਰਤਨ ਦੌਰਾਨ ਹਾਜਰ ਸੰਗਤਾਂ ਦੀ ਤਸਵੀਰ।