ਰੇਲਵੇ ਸਟੇਸ਼ਨ ’ਤੇ ਅਧੂਰੇ ਕੰਮ ਪੂਰੇ ਕਰਨ ਦੀ ਮੰਗ
ਰੇਲਵੇ ਸੰਘਰਸ਼ ਸੰਮਤੀ ਦੇ ਆਗੂਆਂ ਵੱਲੋਂ ਰੇਲਵੇ ਸਟੇਸ਼ਨ ’ਤੇ ਅਧੂਰੇ ਪਏ ਕੰਮ ਪੂਰੇ ਕਰਨ ਦੀ ਮੰਗ
Publish Date: Wed, 01 Apr 2026 04:48 PM (IST)
Updated Date: Thu, 02 Apr 2026 04:04 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦੀ ਚੇਅਰਮੈਨ ਐਡਵੋਕੇਟ ਜਗਦੀਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਹੋਈ ਮੀਟਿੰਗ ਦੌਰਾਨ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਨੇ ਦੱਸਿਆ ਕਿ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਅਧੀਨ ਰੇਲਵੇ ਸਟੇਸ਼ਨ ਵਿਖੇ ਠੇਕੇਦਾਰ ਵਲੋਂ ਜੋ ਕੰਮ ਕੀਤੇ ਜਾ ਰਹੇ ਹਨ, ਉਹ ਸਰਕਾਰੀ ਹਦਾਇਤਾਂ ਮੁਤਾਬਿਕ ਤਾਂ ਕੀ ਪੂਰੇ ਕਰਨੇ ਸਨ, ਬਲਕਿ ਕਾਫੀ ਕੰਮ ਅਜੇ ਵੀ ਅਧੂਰੇ ਹਨ। ਕੋਟਕਪੂਰਾ ਰੇਲਵੇ ਸਟੇਸ਼ਨ ਵਿਖੇ ਮੁਸਾਫਿਰਾਂ ਦੀ ਸਹੂਲਤ ਲਈ ਲਿਫਟਾਂ ਲੱਗਣੀਆਂ ਸਨ ਪਰ ਲਗਭਗ 3 ਸਾਲ ਬੀਤ ਜਾਣ ਤੋਂ ਬਾਅਦ ਨਹੀਂ ਲੱਗੀਆਂ। ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਕਈ ਰੇਲਗੱਡੀਆਂ ਦਾ ਠਹਿਰਾਅ ਨਹੀਂ ਹੋ ਰਿਹਾ, ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਗੱਡੀ ਦਾ ਕੋਈ ਵੀ ਫਾਇਦਾ ਨਹੀਂ ਹੋ ਰਿਹਾ। ਮੀਟਿੰਗ ਵਿੱਚ ਇਹ ਮੰਗ ਕੀਤੀ ਗਈ ਕਿ ਕਰੋਨਾ ਕਾਲ ਦੌਰਾਨ ਬੰਦ ਕੀਤੀਆਂ ਗਈਆਂ ਰੇਲਗੱਡੀ ਮੁੜ ਦੁਬਾਰਾ ਸ਼ੁਰੂ ਕੀਤਾ ਜਾਵੇ, ਜਿਵੇਂ ਕਿ ਫਿਰੋਜ਼ਪੁਰ-ਮੁੰਬਈ (ਜਨਤਾ ਐਕਸਪ੍ਰੈਸ) ਇਹ ਇਲਾਕੇ ਦੀ ਮਹੱਤਵਪੂਰਨ ਟਰੇਨ ਹੈ, ਇਸ ਨੂੰ ਚਾਲੂ ਕੀਤਾ ਜਾਵੇ, ਜਿੰਨ੍ਹਾਂ ਗੱਡੀਆਂ ਦਾ ਸਟੇਸ਼ਨ ਤੇ ਠਹਿਰਾਵ ਨਹੀਂ ਹੁੰਦਾ ਫਿਰੋਜ਼ਪੁਰ ਦਿੱਲੀ (ਵੰਦੇ ਭਾਰਤ), ਫਿਰੋਜ਼ਪੁਰ-ਰਮੇਸ਼ਵਰਮ, ਭਾਵਨਗਰ-ਉਦਮਪੁਰ, ਸਾਬਰਮਤੀ-ਕੱਟੜਾ ਟਰੇਨਾਂ ਦਾ ਠਹਿਰਾਵ ਆਦਿ ਕੀਤਾ ਜਾਵੇ। ਇਸ ਮੀਟਿੰਗ ਵਿੱਚ ਮੋਹਨ ਲਾਲ ਕੈਸ਼ੀਅਰ, ਰਮੇਸ਼ ਸ਼ਰਮਾ ਪ੍ਰੈਸ ਸਕੱਤਰ, ਪ੍ਰੋ: ਹਰਬੰਸ ਸਿੰਘ ਪਦਮ, ਸੋਮਨਾਥ ਅਰੋੜਾ, ਸੰਦੀਪ ਗੋਇਲ, ਕੁਲਜੀਤ ਸਿੰਘ, ਪਿਆਰਾ ਸਿੰਘ ਆਦਿ ਵੀ ਹਾਜ਼ਿਰ ਸਨ।