
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਸਮੇਸ਼ ਮਿਸ਼ਨ ਸਕੂਲ ਹਰੀ ਨੌ ਵਿਖੇ ਸਦਭਾਵਨਾ ਦਿਵਸ ਮਨਾਇਆ ਗਿਆ

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਅੱਜ ਸਦਭਾਵਨਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਹਿਯੋਗ ਦੀ ਭਾਵਨਾ ਵਿਕਸਿਤ ਕਰਨਾ ਹੈ । ਇਸ ਮੌਕੇ ਐਨ ਐਸ ਐਸ ਪ੍ਰੋਗਰਾਮ ਅਫਸਰ ਸ਼ਮਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਹ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੇ ਜਨਮ ਦਿਨ ਮੌਕੇ ਤੇ ਬੜੀ ਹੀ ਖੁਸ਼ੀ ਨਾਲ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਦਾ ਵਿਸ਼ਵਾਸ ਸੀ ਕਿ ਜੇਕਰ ਦੇਸ਼ ਦਾ ਹਰ ਨਾਗਰਿਕ ਪਿਆਰ, ਸਹਿਯੋਗ ਅਤੇ ਸਦਭਾਵਨਾ ਨਾਲ ਰਹੇਗਾ ਤਾਂ ਦੇਸ਼ ਬੜੀ ਜਲਦੀ ਹੀ ਵਿਕਾਸ ਦੀਆਂ ਉਚਾਈਆਂ ਤੱਕ ਪਹੁੰਚੇਗਾ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਇਸ ਮੌਕੇ ਬੋਲਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਵੱਲੋਂ ਦੱਸਿਆ ਕਿ ਸਦਭਾਵਨਾ ਦਾ ਅਰਥ ਹੈ ਭਾਈਚਾਰੇ ਅਤੇ ਏਕਤਾ ਨਾਲ ਰਹਿਣਾ। ਇਹ ਸਾਡੇ ਜੀਵਨ ਦਾ ਆਧਾਰ ਹੈ। ਸਾਨੂੰ ਕਿਸੇ ਵੀ ਆਧਾਰ ਤੇ ਕਿਸੇ ਮਨੁੱਖ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਸਗੋਂ ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਮਦਦ ਦੀ ਲੋੜ ਹੈ ਤਾਂ ਉਸਦੀ ਮਦਦ ਕਰੋ ਤੇ ਉਸਦਾ ਆਸਰਾ ਬਣੋ। ਜੇਕਰ ਕਿਸੇ ਨਾਲ ਨਾ ਇਨਸਾਫੀ ਹੁੰਦੀ ਹੈ ਤਾਂ ਉਸ ਲਈ ਬੋਲੋ। ਨਫਰਤ ਅਤੇ ਈਰਖਾ ਕਮਜ਼ੋਰ ਵਿਅਕਤੀ ਦੀ ਨਿਸ਼ਾਨੀ ਹਨ ਜਦ ਕਿ ਪਿਆਰ ਤੇ ਸਹਿਯੋਗ ਬਹਾਦਰਾਂ ਦੀ ਪਹਿਚਾਣ ਹੈ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸੋਮਾ ਦੇਵੀ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।