Road Accident : ਫਰੀਦਕੋਟ 'ਚ ਫ਼ੌਜੀ ਛਾਉਣੀ ਨੇੜੇ ਵਾਪਰਿਆ ਭਿਆਨਕ ਹਾਦਸਾ, ਫ਼ੌਜੀ ਟਰੱਕ ਦੀ ਲਪੇਟ 'ਚ ਆਉਣ ਨਾਲ ਦੋ ਨਾਬਾਲਗ ਵਿਦਿਆਰਥੀਆਂ ਦੀ ਮੌਤ
ਪ੍ਰਤੱਖਦਰਸ਼ੀਆਂ ਮੁਤਾਬਿਕ ਹਰਸਾਂਝ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਧੀਰਜ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤੁਰੰਤ ਲੁਧਿਆਣਾ ਲਈ ਰੈਫਰ ਕਰ ਦਿੱਤਾ ਪਰ ਇਲਾਜ ਦੌਰਾਨ ਉਸ ਨੂੰ ਵੀ ਬਚਾਇਆ ਨਾ ਜਾ ਸਕਿਆ।
Publish Date: Tue, 17 Feb 2026 06:28 PM (IST)
Updated Date: Tue, 17 Feb 2026 06:33 PM (IST)
ਚਾਨਾ/ਸ਼ਿਵ, ਪੰਜਾਬੀ ਜਾਗਰਣ, ਫਰੀਦਕੋਟ : ਸਥਾਨਕ ਸਾਦਿਕ ਰੋਡ ’ਤੇ ਬੀਤੀ ਦੇਰ ਸ਼ਾਮ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨਬਾਲਗ ਵਿਦਿਆਰਥੀਆਂ ਦੀ ਦੁਖਦਾਇਕ ਮੌਤ ਹੋਣ ਦੀ ਖਬਰ ਮਿਲੀ ਹੈ। ਬਾਰ੍ਹਵੀਂ ਜਮਾਤ ਦੇ ਟਿਊਸ਼ਨ ਤੋਂ ਵਾਪਸ ਪਰਤ ਰਹੇ ਵਿਦਿਆਰਥੀਆਂ ਦੀ ਪਛਾਣ ਪਿੰਡ ਝੋਟੀਵਾਲਾ ਦੇ ਵਸਨੀਕ ਹਰਸਾਂਝ ਸਿੰਘ ਅਤੇ ਧੀਰਜ ਦੇ ਰੂਪ ਵਿੱਚ ਹੋਈ ਹੈ, ਦੋਨੋਂ ਵਿਦਿਆਰਥੀਆਂ ਦੀ ਉਮਰ 17-17 ਸਾਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਸਾਂਝ ਸਿੰਘ ਆਪਣੇ ਪਿੰਡ ਵਿੱਚ ਨਾਨਕੇ ਘਰ ਰਹਿੰਦੇ ਧੀਰਜ ਨਾਲ ਰੋਜਾਨਾ ਦੀ ਤਰਾਂ ਫਰੀਦਕੋਟ ਟਿਊਸ਼ਨ ਦੀ ਪੜ੍ਹਾਈ ਤੋਂ ਬਾਅਦ ਵਾਪਸ ਘਰ ਪਰਤ ਰਿਹਾ ਸੀ, ਜਦੋਂ ਉਹ ਸਾਦਿਕ ਰੋਡ ’ਤੇ ਸਥਿੱਤ ਫ਼ੌਜੀ ਛਾਉਣੀ ਨੇੜੇ ਪੁੱਜੇ ਤਾਂ ਛਾਉਣੀ ਦੇ ਗੇਟ ਕੋਲ ਸਾਹਮਣੇ ਤੋਂ ਆ ਰਹੇ ਇਕ ਫ਼ੌਜੀ ਟਰੱਕ ਅਚਾਨਕ ਛਾਉਣੀ ਦੇ ਗੇਟ ਵੱਲ ਮੁੜ ਗਿਆ, ਜਿਸ ਦੀ ਲਪੇਟ ਵਿੱਚ ਆ ਕੇ ਦੋਨੋਂ ਲੜਕੇ ਟਰੱਕ ਦੇ ਟਾਇਰ ਹੇਠ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੇ ਗਏ।
ਪ੍ਰਤੱਖਦਰਸ਼ੀਆਂ ਮੁਤਾਬਿਕ ਹਰਸਾਂਝ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਧੀਰਜ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤੁਰੰਤ ਲੁਧਿਆਣਾ ਲਈ ਰੈਫਰ ਕਰ ਦਿੱਤਾ ਪਰ ਇਲਾਜ ਦੌਰਾਨ ਉਸ ਨੂੰ ਵੀ ਬਚਾਇਆ ਨਾ ਜਾ ਸਕਿਆ।
ਡੀਐੱਸਪੀ ਨਵੀਨ ਕੁਮਾਰ ਨੇ ਆਖਿਆ ਕਿ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕਰ ਕੇ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।