ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਦੁਖੀ ਲੋਕਾਂ ਨੇ ਕੱਢਿਆ ਟਰੈਕਟਰ ਮਾਰਚ ਫਰੀਦਕੋਟ 'ਚ ਖਰਾਬ ਸੜਕ ਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵੱਲੋਂ ਜ਼ੋਰਦਾਰ ਟਰੈਕਟਰ ਰੋਸ਼ ਮਾਰਚ।
Publish Date: Wed, 09 Sep 2026 05:37 PM (IST)
Updated Date: Wed, 09 Sep 2026 05:40 PM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਫਰੀਦਕੋਟ ਵਿਖੇ ਖਰਾਬ ਸੜਕ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਰੋਸ਼ ਵਿੱਚ ਚਾਰ ਪਿੰਡਾਂ ਦੇ ਲੋਕਾਂ ਦਾ ਗੁੱਸਾ ਪ੍ਰਸ਼ਾਸਨ ਖਿਲਾਫ਼ ਭੜਕ ਉੱਠਿਆ। ਪਿੰਡ ਚੇਤ ਸਿੰਘ ਵਾਲਾ, ਸ਼ੇਰ ਸਿੰਘ ਵਾਲਾ, ਸੁਖਨ ਵਾਲਾ ਅਤੇ ਡੋਹਕ, ਕਿਲਾ ਨੌ ਨੂੰ ਜਾਣ ਵਾਲੀ ਮੁੱਖ ਸੜਕ ਤੇ ਪਿਛਲੇ 23 ਦਿਨਾਂ ਤੋਂ ਅਨਮਿੱਥੇ ਸਮੇਂ ਲਈ ਧਰਨਾ ਜਾਰੀ ਹੈ, ਪਰ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਇਲਾਕੇ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਪ੍ਰਸ਼ਾਸਨਿਕ ਬੇਰੁਖ਼ੀ ਤੋਂ ਅੱਕੇ ਧਰਨਾਕਾਰੀਆਂ ਵੱਲੋਂ ਅੱਜ ਸ਼ਹਿਰ ਵਿੱਚ ਇੱਕ ਵਿਸ਼ਾਲ ਟਰੈਕਟਰ ਰੋਸ਼ ਮਾਰਚ ਕੱਢਿਆ ਗਿਆ।ਪ੍ਰਦਰਸ਼ਨਕਾਰੀਆਂ ਨੇ ਸਭ ਤੋਂ ਪਹਿਲਾਂ ਨਗਰ ਕੌਂਸਲ ਫਰੀਦਕੋਟ ਦਾ ਘਿਰਾਓ ਕੀਤਾ ਅਤੇ ਬਾਅਦ ਵਿੱਚ ਹਲਕਾ ਵਿਧਾਇਕ ਦੀ ਕੋਠੀ ਅੱਗੇ ਪਹੁੰਚ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਸੜਕ ਦੇ ਉੱਤੇ ਨਾਲੇ ਦਾ ਗੰਦਾ ਪਾਣੀ ਆ ਰਿਹਾ ਤੇ ਸੜਕ ਟੁੱਟੀ ਪਈ ਹੈ।ਸੜਕ ਤੇ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਇਹ ਰਸਤਾ ਨਰਕ ਦਾ ਰੂਪ ਧਾਰਨ ਕਰ ਚੁੱਕਾ ਹੈ। ਨਾਲਾ ਬੰਦ ਹੋਣ ਕਰਕੇ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ, ਜਿਸ ਨਾਲ ਹਰ ਵੇਲੇ ਦੁਰਘਟਨਾਵਾਂ ਦਾ ਖਤਰਾ ਬਣਿਆ ਰਹਿੰਦਾ ਹੈ। ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ। ਇਸ ਮੌਕੇ ਸੁਖਨ ਵਾਲਾ ਪਿੰਡ ਤੋਂ ਜਸਕਰਨ ਸਿੰਘ ਨੰਬਰਦਾਰ, ਪਵਨ ਸ਼ਰਮਾ, ਬਲਦੇਵ ਸਿੰਘ ਪ੍ਰਧਾਨ, ਜਸਬੀਰ ਸਿੰਘ ਅਤੇ ਸ਼ੇਰ ਸਿੰਘ ਵਾਲਾ ਤੋਂ ਮਨਿੰਦਰ ਸਿੰਘ, ਬਲਦੇਵ ਸਿੰਘ ਸਮੇਤ ਢੋਕ ਪਿੰਡ ਦੇ ਰਵਿੰਦਰ ਸਿੰਘ, ਅਮਰਿੰਦਰ ਸਿੰਘ ਬੈਣੀਵਾਲ ਅਤੇ ਬਲਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸੜਕ ਦਾ ਨਿਰਮਾਣ ਸ਼ੁਰੂ ਨਹੀਂ ਹੁੰਦਾ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਪੱਕਾ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਨਗਰ ਕੌਂਸਲ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਬੋਲਦੇ ਹੋਏ ਕਿਹਾ ਕਿ ਪਿਛਲੇ ਦਿਨੀ ਫਰੀਦਕੋਟ ਦੇ ਵਿਧਾਇਕ ਉਹਨਾਂ ਦੀ ਸਮੱਸਿਆ ਨੂੰ ਲੈ ਕੇ ਧਰਨੇ ਤੇ ਪਹੁੰਚੇ ਸੀ ਅਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਹ ਉਹਨਾਂ ਦੇ ਹਲਕੇ ਵਿੱਚ ਨਹੀਂ ਆਉਂਦਾ। ਤਾਂ ਉਹਨਾਂ ਨੇ ਇਸ ਗੱਲ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਈਓ ਨੂੰ ਸਪਸ਼ਟ ਰੂਪ ਵਿੱਚ ਕਿਹਾ ਕਿ ਜੇ ਸਾਡਾ ਹਲਕਾ ਫਰੀਦਕੋਟ ਵਿੱਚ ਨਹੀਂ ਆਉਂਦਾ ਤਾਂ ਫਰੀਦਕੋਟ ਵੱਲੋਂ ਨਾਲੇ ਵਿੱਚ ਜਾਣ ਵਾਲਾ ਗੰਦਾ ਪਾਣੀ ਬੰਦ ਕੀਤਾ ਜਾਵੇ।