- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਆਂਇਕ ਅਧਿਕਾਰੀਆਂ ਲਈ ਰਾਖਵੀਂ ਲਾਲ ਕੋਠੀ ’ਚ ਚੋਰੀ, ਏਸੀ, ਪੱਖੇ, ਬਲਬ ਤੇ ਹੋਰ ਸਾਮਾਨ ਲੈ ਗਏ ਚੋਰ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ: ਫਰੀਦਕੋਟ ਵਿੱਚ ਨਿਆਂਇਕ ਅਧਿਕਾਰੀਆਂ ਲਈ ਰਾਖਵੀਂ ਸਰਕਾਰੀ ਕਾਲੋਨੀ ਸਥਿਤ ਲਾਲ ਕੋਠੀ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਕੋਠੀ ਲੰਬੇ ਸਮੇਂ ਤੋਂ ਖਾਲੀ ਪਈ ਹੋਣ ਦਾ ਫਾਇਦਾ ਚੁੱਕਦਿਆਂ ਅਣਪਛਾਤੇ ਵਿਅਕਤੀ ਅੰਦਰ ਦਾਖਲ ਹੋਏ ਅਤੇ ਕੋਠੀ ਵਿੱਚ ਲੱਗਿਆ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਫ਼ਤਰ ਦੇ ਜ਼ਿਲ੍ਹਾ ਨਾਜ਼ਰ ਬਾਲ ਕ੍ਰਿਸ਼ਨ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਚੋਰੀ ਦੀ ਵਾਰਦਾਤ 1 ਸਤੰਬਰ ਦੀ ਰਾਤ ਨੂੰ ਅੰਜਾਮ ਦਿੱਤੀ ਗਈ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕੋਠੀ ਵਿੱਚ ਸਫ਼ਾਈ ਸੇਵਕ ਸਫ਼ਾਈ ਕਰਨ ਲਈ ਪਹੁੰਚਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਚੋਰ ਕੋਠੀ ਵਿੱਚੋਂ ਇੱਕ ਇਨਡੋਰ ਏਸੀ, ਦੋ ਆਊਟਡੋਰ ਏਸੀ, ਸੱਤ ਛੱਤ ਵਾਲੇ ਪੱਖੇ, ਇੱਕ ਟੇਬਲ ਫੈਨ, ਅਲਮਾਰੀਆਂ ਦੇ ਦਰਵਾਜ਼ੇ, ਖਿੜਕੀਆਂ, ਟੂਟੀਆਂ, ਪਾਣੀ ਦੀ ਮੋਟਰ, ਬਲਬ, ਟਿਊਬ ਲਾਈਟਾਂ ਅਤੇ ਬਾਥਰੂਮ ਦੀਆਂ ਪਾਈਪਾਂ ਸਮੇਤ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਕੋਠੀ ਨਿਆਂਇਕ ਅਧਿਕਾਰੀਆਂ ਦੀ ਰਿਹਾਇਸ਼ ਲਈ ਰਾਖਵੀਂ ਦੱਸੀ ਜਾ ਰਹੀ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਖਾਲੀ ਪਈ ਹੋਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਚੋਰਾਂ ਨੇ ਕੋਠੀ ਦੀ ਰੇਕੀ ਕਰਨ ਤੋਂ ਬਾਅਦ ਮੌਕਾ ਪਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਸਿਟੀ ਦੇ ਏਐਸਆਈ ਅਤੇ ਜਾਂਚ ਅਧਿਕਾਰੀ ਇਕਬਾਲ ਚੰਦ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫੁਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹੋਣ ਉਪਰੰਤ ਉਨ੍ਹਾਂ ਨੂੰ ਜਲਦ ਕਾਬੂ ਕਰਨ ਲਈ ਕਾਰਵਾਈ ਕੀਤੀ ਜਾਵੇਗੀ।