ਤੇਲ ਦੀ ਘਾਟ ਦੇ ਖ਼ਦਸ਼ੇ ਕਾਰਨ ਲੋਕਾਂ ’ਚ ਮਚੀ ਹਫੜਾ ਦਫੜੀ
ਤੇਲ ਦੀ ਅਫਵਾਹ ਨੂੰ ਲੈਕੇ ਪੈਟਰੋਲ ਪੰਪਾਂ ਤੇ ਤੇਲ ਪਵਾਉਣ ਵਾਲਿਆਂ ਦੀਆਂ ਲੱਗੀਆਂ ਕਤਾਰਾਂ
Publish Date: Fri, 27 Mar 2026 04:00 PM (IST)
Updated Date: Sat, 28 Mar 2026 04:00 AM (IST)

ਸੋਸ਼ਲ ਮੀਡੀਆ ’ਤੇ ਫੈਲੀ ਅਫਵਾਹ, ਪੈਟਰੋਲ ਪੰਪਾਂ ’ਤੇ ਲੱਗੀਆਂ ਕਤਾਰਾਂ ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫ਼ਰੀਦਕੋਟ : ਦੇਸ਼ ਦੇ ਕਈ ਹਿੱਸਿਆਂ ਵਿੱਚ ਇਨ੍ਹੀਂ ਦਿਨੀਂ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਅਜੀਬ ਮਾਹੌਲ ਹੈ। ਸੋਸ਼ਲ ਮੀਡੀਆ ਤੇ ਤੇਲ ਦੀ ਕਮੀ ਦੀ ਖ਼ਬਰਾਂ ਚੱਲ ਰਹੀਆਂ ਹਨ ਜਿਸ ਨੂੰ ਲੈ ਕੇ ਅਤੇ ਪੈਟਰੋਲ ਪੰਪਾਂ ਤੇ ਤੇਲ ਪਵਾਉਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਫਰੀਦਕੋਟ ਦੇ ਪੈਟਰੋਲ ਪੰਪਾਂ ਤੇ ਅਚਾਨਕ ਲੰਬੀਆਂ ਲਾਈਨਾਂ ਲੱਗ ਗਈਆਂ, ਅਤੇ ਲੋਕ ਪੈਟਰੋਲ ਭਵਾਉਣ ਲਈ ਬਹੁਤ ਕਾਹਲੇ ਪੈ ਗਏ। ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੇ ਬੋਤਲਾਂ ਅਤੇ ਗੈਲਨਾਂ ਵਿੱਚ ਪੈਟਰੋਲ ਭਰਵਾਉਣਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪੰਪਾਂ ਤੇ ਪਹੁੰਚਣ ਲੱਗ ਪਏ। ਸਿਰਫ਼ ਵਾਹਨ ਹੀ ਨਹੀਂ, ਸਗੋਂ ਲੋਕ ਵੱਖ-ਵੱਖ ਕੰਟੇਨਰਾਂ, ਬੋਤਲਾਂ ਪੀਪੀਆਂ, ਵਿੱਚ ਵੀ ਤੇਲ ਪਵਾ ਰਹੇ ਸੀ। ਵੀਰਵਾਰ ਸ਼ਾਮ ਨੂੰ ਫਰੀਦਕੋਟ ਦੇ ਕੁਝ ਪੈਟਰੋਲ ਪੰਪਾਂ ਦੇ ਬੰਦ ਹੋਣ ਨਾਲ ਲੋਕਾਂ ਵਿੱਚ ਹੋਰ ਵੀ ਦਹਿਸ਼ਤ ਫੈਲ ਗਈ। ਉਨ੍ਹਾਂ ਨੂੰ ਲੱਗਿਆ ਕਿ ਤੇਲ ਦੀ ਘਾਟ ਸ਼ਾਹਿਦ ਪੈਟਰੋਲ ਪੰਪ ਬੰਦ ਹੋ ਰਹੇ ਹਨ।, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ, ਅਤੇ ਉਹ ਡੀਜ਼ਲ ਪੈਟਰੋਲ ਦੀ ਤਲਾਸ਼ ਵਿੱਚ ਖੁੱਲੇ ਪੰਪਾ ਤੇ ਪਹੁੰਚ ਗਏ ਆ ਤੇ ਉੱਥੇ ਲੰਬੀਆਂ ਕਤਾਰਾਂ ਲੱਗ ਗਈਆਂ। ਇਹ ਸਥਿਤੀ ਸ਼ੁੱਕਰਵਾਰ ਦਿਨ ਚੜਦੇ ਵੀ ਸ਼ੁਰੂ ਹੋ ਗਈ, ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਈ ਪੈਟਰੋਲ ਪੰਪਾਂ ਤੇ ਤੇਲ ਨਾ ਹੋਣ ਕਰਕੇ ਵੀ ਲੋਕਾਂ ਚ ਹੜਕੰਪ ਮੱਚ ਗਿਆ। ਉਥੇ ਹੀ ਤੇਲ ਕੰਪਨੀਆਂ ਲਗਾਤਾਰ ਕਹਿ ਰਹੀਆਂ ਹਨ ਕਿ ਤੇਲ ਦੀ ਕੋਈ ਘਾਟ ਨਹੀਂ ਹੈ ਤੇ ਸਪਲਾਈ ਲਗਾਤਾਰ ਜਾਰੀ ਹੈ, ਸਰਕਾਰੀ ਤੇਲ ਕੰਪਨੀਆਂ ਨੇ ਵੀ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ। ਕੰਪਨੀ ਦੇ ਅਨੁਸਾਰ, ਬਾਲਣ ਦੀ ਸਪਲਾਈ ਪੂਰੀ ਤਰ੍ਹਾਂ ਆਮ ਹੈ ਅਤੇ ਕਿਤੇ ਵੀ ਕੋਈ ਵਿਘਨ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਘਬਰਾਉਣ ਅਤੇ ਜ਼ਿਆਦਾ ਖਰੀਦਦਾਰੀ ਨਾ ਕਰਨ ਦੀ ਅਪੀਲ ਕੀਤੀ, ਕਿਉਂਕਿ ਇਸ ਨਾਲ ਭੀੜ ਅਤੇ ਸਮੱਸਿਆਵਾਂ ਹੀ ਵਧਣਗੀਆਂ। ਪੈਟਰੋਲ ਪੰਪ ਸੰਚਾਲਕਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ; ਉਨ੍ਹਾਂ ਕੋਲ ਕਾਫ਼ੀ ਤੇਲ ਉਪਲਬਧ ਹੈ, ਅਤੇ ਸਪਲਾਈ ਲਗਾਤਾਰ ਆ ਰਹੀ ਹੈ। ਉਹ ਲੋਕਾਂ ਨੂੰ ਤੇਲ ਸਟੋਰ ਨਾ ਕਰਨ ਅਤੇ ਸਿਰਫ਼ ਲੋੜ ਅਨੁਸਾਰ ਹੀ ਭਰਨ ਦੀ ਅਪੀਲ ਕਰ ਰਹੇ ਹਨ।। ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀਆਂ ਖਬਰਾਂ ਕਾਰਨ ਕਿਸਾਨਾਂ ਨੂੰ ਵੀ ਚਿੰਤਾ ਸਤਾ ਰਹੀ ਹੈ ।ਕਿਸਾਨ ਬਲਜੀਤ ਸਿੰਘ, ਬਲਵਿੰਦਰ ਸਿੰਘ ਅਤੇ ਸੁਖਚੈਨ ਸਿੰਘ ਕਹਿੰਦੇ ਹਨ ਕਿ ਕਣਕ ਦੀ ਵਾਢੀ ਆ ਰਹੀ ਹੈ, ਅਤੇ ਲਗਾਤਾਰ ਸੋਸ਼ਲ ਮੀਡੀਆ ਤੇ ਪੈਟਰੋਲ ਅਤੇ ਡੀਜ਼ਲ ਦੀ ਘਾਟ ਅਤੇ ਰੇਟ ਵਧਣ ਦੀਆਂ ਡਰੋਨ ਵਾਲੀਆਂ ਖਬਰਾਂ ਚੱਲ ਰਹੀਆਂ ਹਨ। ਜਿਨਾਂ ਨਾਲ ਕਿਸਾਨਾਂ ਦੀ ਚਿੰਤਾ ਵਧਨੀ ਸੁਭਾਵਿਕ ਹੈ। ਇਸ ਲਈ ਇਸਦਾ ਅਸਰ ਕਿਸਾਨਾਂ ਤੇ ਵੀ ਪੈ ਰਿਹਾ ਹੈ ਉਹ ਵੀ ਚਾਹੁੰਦੇ ਹਨ ਕਿ ਆਵਦੀ ਜਰੂਰਤ ਦੇ ਹਿਸਾਬ ਨਾਲ ਉਹਨਾਂ ਕੋਲੇ ਡੀਜਲ ਅਤੇ ਪੈਟਰੋਲ ਮੌਜੂਦ ਹੋਵੇ।