- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਜ਼ਿਲ੍ਹੇ ਵਿੱਚ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਆਈ ਤੇਜ਼ ਹਨੇਰੀ, ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੱਕਣ ਕੰਢੇ ਖੜ੍ਹੀ ਝੋਨੇ ਤੇ ਬਾਸਮਤੀ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਮੁੱਢਲੀ ਰਿਪੋਰਟ ਮੁਤਾਬਕ ਜ਼ਿਲ੍ਹੇ ਦੇ 11 ਪਿੰਡਾਂ ਵਿੱਚ ਲਗਪਗ 9600 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਵਿੱਚ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਆਈ ਤੇਜ਼ ਹਨੇਰੀ, ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੱਕਣ ਕੰਢੇ ਖੜ੍ਹੀ ਝੋਨੇ ਤੇ ਬਾਸਮਤੀ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਮੁੱਢਲੀ ਰਿਪੋਰਟ ਮੁਤਾਬਕ ਜ਼ਿਲ੍ਹੇ ਦੇ 11 ਪਿੰਡਾਂ ਵਿੱਚ ਲਗਪਗ 9600 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਕੁਝ ਥਾਵਾਂ ’ਤੇ ਨੁਕਸਾਨ 30 ਤੋਂ 50 ਫ਼ੀਸਦੀ ਤੱਕ ਹੋਣ ਦਾ ਅਨੁਮਾਨ ਹੈ। ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਵੀ ਮੀਂਹ ਦੀ ਲਪੇਟ ਵਿੱਚ ਆ ਗਿਆ ਹੈ।
ਵਾਢੀ ਅਤੇ ਖ਼ਰੀਦ ਦੇ ਅਹਿਮ ਦੌਰ ਵਿੱਚ ਮੌਸਮ ਦੀ ਮਾਰ ਨੇ ਕਿਸਾਨਾਂ ਸਾਹਮਣੇ ਦੋਹਰੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਖੇਤਾਂ ਵਿੱਚ ਫ਼ਸਲ ਵਿਛਣ ਅਤੇ ਦਾਣੇ ਝੜਨ ਨਾਲ ਪੈਦਾਵਾਰ ਘਟਣ ਦਾ ਖ਼ਦਸ਼ਾ ਹੈ, ਜਦਕਿ ਮੰਡੀਆਂ ਵਿੱਚ ਝੋਨਾ ਭਿੱਜਣ ਕਾਰਨ ਉਸ ਦੀ ਗੁਣਵੱਤਾ ਅਤੇ ਖ਼ਰੀਦ ਪ੍ਰਭਾਵਿਤ ਹੋ ਸਕਦੀ ਹੈ। ਵੀਰਵਾਰ ਨੂੰ ਵੀ ਮੀਂਹ ਜਾਰੀ ਰਹਿਣ ਕਾਰਨ ਨੁਕਸਾਨ ਵਧਣ ਦਾ ਖ਼ਦਸ਼ਾ ਹੈ।
ਕੋਟਕਪੂਰਾ-ਮੁਕਤਸਰ ਸੜਕ ਨੇੜਲੇ ਪਿੰਡਾਂ ’ਚ ਵੱਧ ਨੁਕਸਾਨ
ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਸੜਕ ਨੇੜਲੇ ਪਿੰਡਾਂ ਵਿੱਚ ਮੌਸਮ ਦਾ ਵਧੇਰੇ ਅਸਰ ਦੇਖਣ ਨੂੰ ਮਿਲਿਆ ਹੈ। ਕਈ ਖੇਤਾਂ ਵਿੱਚ ਪੱਕੀ ਫ਼ਸਲ ਵਿਛ ਗਈ ਹੈ ਅਤੇ ਗੜੇਮਾਰੀ ਕਾਰਨ ਝੋਨੇ ਦੇ ਦਾਣੇ ਝੜਨ ਦੀਆਂ ਰਿਪੋਰਟਾਂ ਹਨ। ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਫ਼ਸਲ ਦੀ ਗੁਣਵੱਤਾ ਤੇ ਪੈਦਾਵਾਰ ’ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ।
ਪਿੰਡ ਵਾਂਦਰ ਜਟਾਣਾ ਦੇ ਵਸਨੀਕ ਸੰਦੀਪ ਸਿੰਘ ਨੇ ਦੱਸਿਆ ਕਿ ਤੇਜ਼ ਤੂਫ਼ਾਨ ਕਾਰਨ ਫ਼ਸਲਾਂ ਦੇ ਨਾਲ ਪਸ਼ੂਆਂ ਦੇ ਸ਼ੈੱਡ ਵੀ ਨੁਕਸਾਨੇ ਗਏ ਹਨ। ਪਿੰਡ ਨੇੜੇ ਇਕ ਸ਼ੈਲਰ ਦਾ ਸ਼ੈੱਡ ਉੱਖੜ ਗਿਆ, ਜਦਕਿ ਖੇਤਾਂ ਵਿੱਚ ਲੱਗੇ ਸੋਲਰ ਪੈਨਲਾਂ ਦੀਆਂ ਪਲੇਟਾਂ ਵੀ
ਨੁਕਸਾਨੀਆਂ ਗਈਆਂ ਹਨ।
ਮੰਡੀਆਂ ’ਚ ਝੋਨਾ ਭਿੱਜਿਆ, ਲਿਫ਼ਟਿੰਗ ਦੀ ਸੁਸਤ ਰਫ਼ਤਾਰ ਚਿੰਤਾ
ਮੀਂਹ ਕਾਰਨ ਅਨਾਜ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਿਆ ਹਜ਼ਾਰਾਂ ਕੁਇੰਟਲ ਝੋਨਾ ਅਤੇ ਖ਼ਰੀਦਿਆ ਹੋਇਆ ਝੋਨਾ ਭਿੱਜ ਗਿਆ। ਇਸ ਨਾਲ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਅਤੇ ਕਿਸਾਨਾਂ ਤੇ ਖ਼ਰੀਦ ਏਜੰਸੀਆਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਕਿਸਾਨ ਜਸ਼ਨਦੀਪ ਸਿੰਘ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਖ਼ਰੀਦ ਦੀ ਰਫ਼ਤਾਰ ਪਹਿਲਾਂ ਹੀ ਸੁਸਤ ਹੈ। ਖ਼ਰੀਦੇ ਝੋਨੇ ਦੀ ਲਿਫ਼ਟਿੰਗ ਵਿੱਚ ਦੇਰੀ ਕਾਰਨ ਫ਼ਸਲ ਲੰਮੇ ਸਮੇਂ ਤੱਕ ਮੰਡੀਆਂ ਵਿੱਚ ਪਈ ਰਹਿੰਦੀ ਹੈ। ਉਨ੍ਹਾਂ ਮੰਡੀਆਂ ਵਿੱਚ ਪਏ ਝੋਨੇ ਦੀ ਸੰਭਾਲ ਅਤੇ ਲਿਫ਼ਟਿੰਗ ਤੇਜ਼ ਕਰਨ ਦੀ ਮੰਗ ਕੀਤੀ।
ਖੇਤੀਬਾੜੀ ਵਿਭਾਗ ਨੇ ਨੁਕਸਾਨ ਦਾ ਸਰਵੇਖਣ ਕੀਤਾ ਸ਼ੁਰੂ
ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 11 ਪਿੰਡਾਂ ਵਿੱਚ ਫ਼ਸਲਾਂ ਦੇ ਨੁਕਸਾਨ ਦੀਆਂ ਰਿਪੋਰਟਾਂ ਮਿਲੀਆਂ ਹਨ। ਚੱਕ ਕਲਿਆਣ, ਵਾਂਦਰ ਜਟਾਣਾ, ਖਾਰਾ ਅਤੇ ਵਾੜਾ ਦਰਾਕਾ ਵਿੱਚ ਵਧੇਰੇ ਨੁਕਸਾਨ ਹੋਣ ਦੀ ਜਾਣਕਾਰੀ ਹੈ। ਜ਼ਿਲ੍ਹੇ ਵਿੱਚ ਝੋਨੇ ਤੇ ਬਾਸਮਤੀ ਦੀ ਲਗਪਗ 9600 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ ਅਤੇ ਨੁਕਸਾਨ 30 ਤੋਂ 50 ਫ਼ੀਸਦੀ ਤੱਕ ਹੋਣ ਦਾ ਮੁੱਢਲਾ ਅਨੁਮਾਨ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਪ੍ਰਭਾਵਿਤ ਖੇਤਰਾਂ ਵਿੱਚ ਸਰਵੇਖਣ ਸ਼ੁਰੂ ਕਰ ਦਿੱਤਾ ਹੈ ਅਤੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਮੀਂਹ ਜਾਰੀ ਰਹਿਣ ਕਾਰਨ ਨੁਕਸਾਨ ਦੇ ਅੰਕੜੇ ਵਧ ਸਕਦੇ ਹਨ। ਹੁਣ ਕਿਸਾਨਾਂ ਦੀ ਨਜ਼ਰ ਮੌਸਮ ਸਾਫ਼ ਹੋਣ ਅਤੇ ਨੁਕਸਾਨ ਦੀ ਸਹੀ ਗਿਰਦਾਵਰੀ ’ਤੇ ਟਿਕੀ ਹੋਈ ਹੈ।