- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਭਾਰਤ ਦੇਸ਼ਾਂ ਵਿੱਚ ਹੋਏ ਫਰੀ ਟਰੇਡ ਸਮਝੌਤੇ ਦਾ ਪਿੰਡਾਂ ਵਿੱਚ ਵਿਰੋਧ

ਬੀਕੇਯੂ ਏਕਤਾ ਸਿੱਧੂਪੁਰ ਬਲਾਕ ਬਾਜਾਖਾਨਾ ਦੇ ਕਿਸਾਨਾਂ ਨੇ ਸਾੜੀਆਂ ਸਮਝੌਤੇ ਦੀਆਂ ਕਾਪੀਆਂ
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪਿਛਲੇ ਦਿਨੀਂ ਦੁਵੱਲੇ ਵਪਾਰ ਨੂੰ ਲੈਕੇ ਅਮਰੀਕਾ ਅਤੇ ਭਾਰਤ ਦੇਸ਼ਾਂ ਦੇ ਮੁਖੀਆਂ ਵੱਲੋਂ ਕੀਤੇ ਗਏ ਸਮਝੌਤੇ ਜਾਂ ਹੋਣ ਵਾਲੇ ਇਸ ਵਪਾਰ ਨੂੰ ਲੈਕੇ ਦੇਸ਼ ਦੇ ਕਿਸਾਨਾਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਕਿਸਾਨਾਂ ਵੱਲੋਂ ਇਹਨਾਂ ਫਰੀ ਟਰੇਡ ਸਮਝੌਤੇ ਦੀਆਂ ਕਾਪੀਆਂ ਸਾੜ ਕੇ ਥ-ਥਾਂ ’ਤੇ ਆਪਣਾ ਵਿਰੋਧ ਜਤਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨਾਂ ਵੱਲੋਂ ਬਲਾਕ ਬਾਜਾਖਾਨਾ ਦੇ ਪਿੰਡਾਂ ਉਕੰਦਵਾਲਾ, ਝੱਖੜਵਾਲਾ, ਵਾੜਾ ਭਾਈਕਾ, ਘਣੀਆਂ, ਰੋਮਾਣਾ ਅਜੀਤ ਸਿੰਘ, ਮੱਲਾ, ਡੋਡ, ਵਾਂਦਰ ਅਜੀਤਗੜ੍ਹ, ਲੰਭਵਾਲੀ ਅਤੇ ਬਾਜਾਖਾਨਾ ਵਿੱਚ ਵੱਡੀ ਪੱਧਰ ’ਤੇ ਇਸ ਸਮਝੌਤੇ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ, ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ, ਬਲਾਕ ਪ੍ਰਚਾਰ ਕਮੇਟੀ ਦੇ ਪ੍ਰਧਾਨ ਮੋਦਨ ਸਿੰਘ ਘਣੀਆਂ, ਬਲਾਕ ਜਨਰਲ ਸਕੱਤਰ ਸੁਖਪ੍ਰੀਤ ਸਿੰਘ ਝੱਖੜਵਾਲਾ ਅਤੇ ਨੌਜਵਾਨ ਆਗੂ ਪਵਿੱਤਰ ਸਿੰਘ ਘਣੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਇਹ ਫ਼ੈਸਲੇ ਦੇਸ਼ ਦੇ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਲਈ ਘਾਤਕ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦਾ ਕਿਸਾਨ ਅਮਰੀਕਾ ਵਿੱਚ ਹੋ ਰਹੀ ਵੱਡੇ ਪੱਧਰ ਦੀ ਖੇਤੀ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕੇਗਾ ਕਿਉਂਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਹਜ਼ਾਰਾਂ ਏਕੜ ਦੇ ਵੱਡੇ ਫਾਰਮ ਹਨ ਅਤੇ ਅਮਰੀਕਾ ਵਰਗੇ ਦੇਸ਼ ਆਪਣੇ ਕਿਸਾਨਾਂ ਨੂੰ ਵੱਡੀ ਰਾਹਤ ਸਬਸਿਡੀ ਦੇ ਕੇ ਖੇਤੀ ਕਰਵਾਉਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਜਿਨਸ ਸੋਇਆ ਮੱਕੀ ਅਤੇ ਦੁੱਧ ਦੇ ਬਣੇ ਹੋਏ ਪ੍ਰੋਡਕਟਾਂ ਨੂੰ ਭਾਰਤ ਦੇਸ਼ ਦੇ ਮੁਕਾਬਲੇ ਦਾ ਬਣਾਉਣ ਲਈ ਪਹਿਲਾਂ ਵੱਡੇ ਪੱਧਰ ਤੇ ਡਿਊਟੀ ਲਗਾਈ ਜਾਂਦੀ ਰਹੀ ਹੈ ਉਨ੍ਹਾਂ ਹੀ ਫ਼ਸਲਾਂ ਡੇਅਰੀ ਉਤਪਾਦਾਂ ਵਗੈਰਾ ਨੂੰ ਅਮਰੀਕਾ ਦੇ ਦਬਾਅ ਹੇਠ ਫਰੀ ਡਿਊਟੀ ਕਰਨਾ ਦੇਸ਼ ਦੇ ਕਿਸਾਨਾਂ, ਦੁਕਾਨਦਾਰਾਂ ਅਤੇ ਹਰ ਵਰਗ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ ਵੱਲੋਂ ਜੀ ਐਮ ਕਰੋਪਸ ਵਰਗੀਆਂ ਮੋਡੀਫਾਈ ਫ਼ਸਲਾਂ ਵੱਧ ਦੁੱਧ ਲੈਣ ਵਰਗੇ ਘਾਤਕ ਫਾਰਮੂਲੇ ਦੇਸ਼ ਦੇ ਲੋਕਾਂ ਲਈ ਵੱਡੇ ਪੱਧਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਲੈਕੇ ਆਉਣਗੇ। ਉਨ੍ਹਾਂ ਖਦਸ਼ਾ ਜਤਾਇਆ ਕਿ ਇਹ ਸਮਝੌਤੇ ਕਰਕੇ ਸਾਡੇ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਲੋਕਾਂ ਵਿੱਚ ਜਾਗਰੂਕਤਾ ਆ ਚੁੱਕੀ ਹੈ ਲੋਕ ਇਹਨਾਂ ਹੋਣ ਵਾਲੇ ਘਾਤਕ ਸਮਝੌਤਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਜੇਕਰ ਇਹਨਾਂ ਸਮਝੌਤਿਆਂ ਨੂੰ ਮੋਦੀ ਸਰਕਾਰ ਵੱਲੋਂ ਰੱਦ ਨਾ ਕੀਤਾ ਗਿਆ ਤਾਂ ਦੇਸ਼ ਦੇ ਲੋਕ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਝੰਡੇ ਹੇਠ ਇੱਕ ਵਾਰ ਫਿਰ ਤੋਂ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਵੱਖ-ਵੱਖ ਪਿੰਡਾਂ ਵਿੱਚ ਫਰੀ ਟਰੇਡ ਸਮਝੌਤੇ ਦੀਆਂ ਕਾਪੀਆਂ ਸਾੜਨ ਮੌਕੇ ਗੁਰਾਂਦਿੱਤਾ ਸਿੰਘ ਬਾਜਾਖਾਨਾ, ਅੰਗਰੇਜ਼ ਸਿੰਘ ਵਾਂਦਰ, ਸੁਖਮੰਦਰ ਸਿੰਘ ਵਾਂਦਰ, ਬੇਅੰਤ ਸਿੰਘ ਵਾਂਦਰ, ਸੁਖਮੰਦਰ ਸਿੰਘ ਘਣੀਆਂ, ਕਰਮ ਸਿੰਘ ਖਾਲਸਾ ਘਣੀਆਂ, ਹਰਭਗਵਾਨ ਸਿੰਘ ਉਕੰਦਵਾਲਾ, ਬੂਟਾ ਸਿੰਘ ਉਕੰਦਵਾਲਾ, ਲਾਭ ਸਿੰਘ ਝੱਖੜਵਾਲਾ, ਕੁਲਵੀਰ ਸਿੰਘ ਝੱਖੜਵਾਲਾ, ਗੁਰਦੀਪ ਸਿੰਘ ਰੋਮਾਣਾ, ਸਾਬਕਾ ਸਰਪੰਚ ਪਰਵਿੰਦਰ ਸਿੰਘ ਰੋਮਾਣਾ ਅਜੀਤ ਸਿੰਘ, ਹਰਜਿੰਦਰ ਸਿੰਘ ਨੀਟੂ, ਗੁਰਾਂਦਿੱਤਾ ਸਿੰਘ ਭੁੱਲਰ ਵਾੜਾ ਭਾਈਕਾ, ਗੁਰਪ੍ਰੀਤ ਸਿੰਘ ਸਿੱਧੂ ਵਾੜਾ ਭਾਈਕਾ, ਇਕਬਾਲ ਸਿੰਘ ਬਾਜਾਖਾਨਾ, ਰਣਜੀਤ ਸਿੰਘ ਡੋਡ, ਨਾਹਰ ਸਿੰਘ ਪੱਪਾ, ਰਾਜਾ ਸਿੰਘ ਡੋਡ, ਗੁਰਪ੍ਰੀਤ ਸਿੰਘ ਮੱਲਾ, ਜਗਮੀਤ ਸਿੰਘ ਮੱਲਾ, ਗੁਰਲਾਲ ਸਿੰਘ ਮੱਲਾ ਆਦਿ ਵੱਡੀ ਗਿਣਤੀ ਕਿਸਾਨਾਂ ਵੱਲੋਂ ਕਾਪੀਆਂ ਸਾੜੀਆਂ ਗਈਆਂ।