ਰੀਦਕੋਟ 'ਚ ਸਾਵਣ ਮੇਲੇ ਮੌਕੇ ਮਹਾਮਾਈ ਦੀ ਭਵ ਸ਼ੋਭਾ ਯਾਤਰਾ ਆਯੋਜਿਤ ਰੀਦਕੋਟ 'ਚ ਸਾਵਣ ਮੇਲੇ ਮੌਕੇ ਮਹਾਮਾਈ ਦੀ ਭਵ ਸ਼ੋਭਾ ਯਾਤਰਾ ਆਯੋਜਿਤ
Publish Date: Fri, 07 Aug 2026 03:26 PM (IST)
Updated Date: Fri, 07 Aug 2026 03:29 PM (IST)
53 ਸਾਲਾਂ ਪੁਰਾਣੀ ਪਰੰਪਰਾ ਨਾਲ ਸਮਾਜਿਕ ਸੰਸਥਾਵਾਂ ਵੀ ਸਨਮਾਨਿਤ ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ: ਸਾਵਣ ਦੇ ਪਵਿੱਤਰ ਮਹੀਨੇ ਦੇ ਸਬੰਧ ਵਿੱਚ ਫ਼ਰੀਦਕੋਟ ਵਿਖੇ ਨਵ ਦੁਰਗਾ ਭਜਨ ਮੰਡਲੀ ਹਰੀ ਰਾਮ ਬਜਾਜ, ਅਤੇ ਮਾਂ ਮਨਸਾ ਦੇਵੀ ਵੈਲਫੇਅਰ ਸੋਸਾਇਟੀ ਅਤੇ ਸ਼ਹਿਰ ਦੀਆਂ ਸਮੂਹ ਭਜਨ ਮੰਡਲੀਆਂ ਅਤੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਮਾਈ ਦੀ ਭਵ ਅਤੇ ਵਿਸ਼ਾਲ ਸ਼ੋਭਾ ਯਾਤਰਾ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਕੱਢੀ ਗਈ। ਇਸ ਧਾਰਮਿਕ ਸਮਾਗਮ ਵਿੱਚ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ, ਧਾਰਮਿਕ ਸ਼ਖਸੀਅਤਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੂਰੇ ਸ਼ਹਿਰ ਵਿੱਚ ਭਗਤੀਮਈ ਮਾਹੌਲ ਦੇਖਣ ਨੂੰ ਮਿਲਿਆ ਅਤੇ ਹਰ ਪਾਸੇ ਜੈ ਮਾਤਾ ਦੀ ਦੇ ਜੈਕਾਰੇ ਗੂੰਜਦੇ ਰਹੇ।ਇਹ ਪਵਿੱਤਰ ਪਰੰਪਰਾ ਪਿਛਲੇ 52-53 ਸਾਲਾਂ ਤੋਂ ਲਗਾਤਾਰ ਚੱਲੀ ਆ ਰਹੀ ਹੈ। ਇਸ ਦੀ ਸ਼ੁਰੂਆਤ ਉਨ੍ਹਾਂ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੀ ਗਈ ਸੀ ਜੋ ਕਿਸੇ ਕਾਰਨ ਮਾਤਾ ਚਿੰਤਪੂਰਨੀ ਦੇ ਦਰਬਾਰ ਖੁਦ ਝੰਡਾ ਲੈ ਕੇ ਨਹੀਂ ਜਾ ਸਕਦੇ ਸਨ। ਅਜਿਹੇ ਸ਼ਰਧਾਲੂ ਇੱਥੇ ਝੰਡਾ ਪੂਜਨ ਕਰਵਾ ਕੇ ਆਪਣੇ ਝੰਡੇ ਵੱਖ-ਵੱਖ ਧਾਰਮਿਕ ਮੰਡਲੀਆਂ ਨੂੰ ਸੌਂਪ ਦਿੰਦੇ ਹਨ। ਇਸ ਤੋਂ ਬਾਅਦ ਇਹ ਮੰਡਲੀਆਂ ਸ਼ਾਨਦਾਰ ਸ਼ੋਭਾ ਯਾਤਰਾ ਦੇ ਰੂਪ ਵਿੱਚ ਉਨ੍ਹਾਂ ਪਵਿੱਤਰ ਝੰਡਿਆਂ ਨੂੰ ਮਾਤਾ ਚਿੰਤਪੂਰਨੀ ਦੇ ਦਰਬਾਰ ਤੱਕ ਪਹੁੰਚਾਉਂਦੀਆਂ ਹਨ। ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਇਹ ਧਾਰਮਿਕ ਪਰੰਪਰਾ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਨਿਭਾਈ ਜਾ ਰਹੀ ਹੈ, ਜਿਸ ਕਾਰਨ ਇਸ ਦਾ ਵਿਸ਼ੇਸ਼ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਣ ਚੁੱਕਾ ਹੈ।ਸਮਾਗਮ ਦੀ ਸ਼ੁਰੂਆਤ ਸਵੇਰੇ 8:30 ਵਜੇ ਵਿਸ਼ੇਸ਼ ਪੂਜਾ-ਅਰਚਨਾ ਨਾਲ ਹੋਈ, ਜੋ ਮੁੱਖ ਤੌਰ ਤੇ ਡਾ. ਦਾਨਿਸ਼ ਜਿੰਦਲ, ਡਾ. ਸੰਜੀਵ ਗੋਇਲ, ਡਾ. ਵਿਮਲ ਗਰਗ ਅਤੇ ਹੋਰ ਸ਼ਰਧਾਲੂ ਪਰਿਵਾਰਾਂ ਵੱਲੋਂ ਕਰਵਾਈ ਗਈ। ਪੂਜਾ ਉਪਰੰਤ ਯਜਮਾਨਾਂ ਅਤੇ ਆਏ ਹੋਏ ਗਣਮਾਨ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਦੁਪਹਿਰ 2:00 ਵਜੇ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸ਼ਾਮ 4:30 ਵਜੇ ਫ਼ਰੀਦਕੋਟ ਦੇ ਇਤਿਹਾਸਕ ਕਿਲਾ ਮੁਬਾਰਕ ਚੌਂਕ ਤੋਂ ਮਹਾਮਾਈ ਦੀ ਵਿਸ਼ਾਲ ਸ਼ੋਭਾ ਯਾਤਰਾ ਆਰੰਭ ਹੋਈ। ਸ਼ੋਭਾ ਯਾਤਰਾ ਨੂੰ ਡਾ. ਦਾਨਿਸ਼ ਜਿੰਦਲ ਅਤੇ ਨਵੀਨਾ ਅਰੋੜਾ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਨਾਲ ਮਾਤਾ ਰਾਣੀ ਦਾ ਸਵਾਗਤ ਕੀਤਾ। ਯਾਤਰਾ ਦਾ ਮੁੱਖ ਆਕਰਸ਼ਣ ਮਾਤਾ ਰਾਣੀ ਦੀ ਸੁੰਦਰ ਸਜਾਈ ਗਈ ਪਾਲਕੀ ਰਹੀ। ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਝਾਕੀਆਂ, ਬੈਂਡ-ਬਾਜੇ, ਢੋਲ ਦੀਆਂ ਧੁਨਾਂ, ਭਜਨ ਮੰਡਲੀਆਂ ਅਤੇ ਮਲਵਈ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਸੰਗਤਾਂ ਦਾ ਮਨ ਮੋਹ ਲਿਆ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਮੁੜ ਕਿਲਾ ਮੁਬਾਰਕ ਵਿਖੇ ਸੰਪੰਨ ਹੋਈ। ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਥਾਂ-ਥਾਂ ਛਬੀਲਾਂ ਅਤੇ ਲੰਗਰ ਲਗਾਏ ਗਏ। ਸੰਗਤਾਂ ਲਈ ਜਲਜੀਰਾ, ਠੰਢਾ ਪਾਣੀ, ਕੋਲਡ ਡ੍ਰਿੰਕ, ਬ੍ਰੈੱਡ ਪਕੌੜੇ, ਦਾਲ, ਜਲੇਬੀ, ਖੀਰ, ਚਾਟ, ਕੁਲਚੇ-ਛੋਲੇ, ਪੂਰੀ-ਸਬਜ਼ੀ ਸਮੇਤ ਅਨੇਕਾਂ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਏ ਗਏ। ਸੰਗਤਾਂ ਨੇ ਵੱਡੀ ਸ਼ਰਧਾ ਨਾਲ ਪ੍ਰਸ਼ਾਦ ਅਤੇ ਲੰਗਰ ਗ੍ਰਹਿਣ ਕੀਤਾ। ਇਸ ਮੌਕੇ ਸ੍ਰੀ ਝੰਡਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਨਵੀਂ ਪਹਿਲ ਕਰਦਿਆਂ ਬ੍ਰਹਮਲੀਨ ਸ੍ਰੀ ਹਰੀਰਾਮ ਬਜਾਜ ਅਵਾਰਡ ਦੀ ਸ਼ੁਰੂਆਤ ਵੀ ਕੀਤੀ ਗਈ। ਇਹ ਵਿਸ਼ੇਸ਼ ਅਵਾਰਡ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਸੀਰ ਸੋਸਾਇਟੀ (Seer Society), ਅਪਣਾ ਘਰ ਆਸ਼ਰਮ ਅਤੇ ਨੈਸ਼ਨਲ ਯੂਥ ਕਲੱਬ ਦੇ ਅਹੁਦੇਦਾਰਾਂ ਅਤੇ ਟੀਮਾਂ ਨੂੰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਮਾਜ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਦਾ ਉਦੇਸ਼ ਹੋਰਨਾਂ ਨੂੰ ਵੀ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਨਾ ਹੈ। ਸਮੁੱਚੇ ਸਮਾਗਮ ਦੌਰਾਨ ਧਾਰਮਿਕ ਸ਼ਰਧਾ, ਸਮਾਜਿਕ ਏਕਤਾ ਅਤੇ ਪੰਜਾਬੀ ਸੱਭਿਆਚਾਰ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਮਹਿਲਾਵਾਂ, ਨੌਜਵਾਨਾਂ ਅਤੇ ਬੱਚਿਆਂ ਨੇ ਵੀ ਉਤਸ਼ਾਹ ਨਾਲ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ, ਜਿਸ ਨਾਲ ਪੂਰਾ ਸ਼ਹਿਰ ਭਗਤੀ ਅਤੇ ਉਤਸਵ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। 07 ਐਫਡੀਕੇ : ਮਹਾਮਾਈ ਦੀ ਭਵ ਸ਼ੋਭਾ ਯਾਤਰਾ ਦੌਰਾਨ ਪ੍ਰਬੰਧਕ ਅਤੇ ਸੰਗਤਾਂ।