ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਗਰਮ ਪੁਲਿਸ, ਫ਼ਰੀਦਕੋਟ ਸਟੇਸ਼ਨ 'ਤੇ ਚਲਾਇਆ ਗਿਆ ਸਰਚ ਆਪ੍ਰੇਸ਼ਨ
ਅਭਿਆਨ ਦੌਰਾਨ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ, ਵੇਟਿੰਗ ਰੂਮਾਂ, ਟਿਕਟ ਖਿੜਕੀਆਂ, ਪਾਰਸਲ ਘਰਾਂ ਅਤੇ ਰੇਲਵੇ ਟਰੈਕਾਂ ਦੀ ਐਂਟੀ-ਸਾਬੋਟੇਜ ਟੀਮ ਵੱਲੋਂ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਦੇ ਸਮਾਨ ਅਤੇ ਸ਼ੱਕੀ ਵਿਅਕਤੀਆਂ ਦੀ ਵੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ।
Publish Date: Sat, 25 Jul 2026 12:26 PM (IST)
Updated Date: Sat, 25 Jul 2026 12:31 PM (IST)
ਸ਼ਿਵ ਕੁਮਾਰ ਸ਼ਰਮਾ, ਫ਼ਰੀਦਕੋਟ : ਰੇਲ ਯਾਤਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਜੀਆਰਪੀ ਥਾਣਾ ਫ਼ਰੀਦਕੋਟ ਵੱਲੋਂ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ PASO ਆਪ੍ਰੇਸ਼ਨ ਤਹਿਤ ਚੈਕਿੰਗ ਅਭਿਆਨ ਚਲਾਇਆ ਗਿਆ। ਇਹ ਅਭਿਆਨ ਸਪੈਸ਼ਲ ਡੀਜੀਪੀ (ਰੇਲਵੇਜ਼) ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀਐੱਸਪੀ ਜਸਕਰਨ ਸਿੰਘ (ਜ਼ੋਨਲ, ਜੀਆਰਪੀ ਫ਼ਿਰੋਜ਼ਪੁਰ) ਦੀ ਅਗਵਾਈ ਹੇਠ ਐੱਸਆਈ ਜਸਵੀਰ ਸਿੰਘ, ਮੁੱਖ ਅਫ਼ਸਰ ਜੀਆਰਪੀ ਥਾਣਾ ਫ਼ਰੀਦਕੋਟ ਵੱਲੋਂ ਐਂਟੀ-ਸਾਬੋਟੇਜ ਟੀਮ ਅਤੇ ਜੀਆਰਪੀ ਕਰਮਚਾਰੀਆਂ ਦੇ ਸਹਿਯੋਗ ਨਾਲ ਚਲਾਇਆ ਗਿਆ।
ਅਭਿਆਨ ਦੌਰਾਨ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ, ਵੇਟਿੰਗ ਰੂਮਾਂ, ਟਿਕਟ ਖਿੜਕੀਆਂ, ਪਾਰਸਲ ਘਰਾਂ ਅਤੇ ਰੇਲਵੇ ਟਰੈਕਾਂ ਦੀ ਐਂਟੀ-ਸਾਬੋਟੇਜ ਟੀਮ ਵੱਲੋਂ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਦੇ ਸਮਾਨ ਅਤੇ ਸ਼ੱਕੀ ਵਿਅਕਤੀਆਂ ਦੀ ਵੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਰੇਲਵੇ ਸਟੇਸ਼ਨ ਤੋਂ ਕੋਈ ਵੀ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਨਹੀਂ ਮਿਲਿਆ ਅਤੇ ਪੂਰੀ ਸਥਿਤੀ ਸ਼ਾਂਤਮਈ ਤੇ ਸੁਰੱਖਿਅਤ ਪਾਈ ਗਈ।
ਡੀਐੱਸਪੀ ਜਸਕਰਨ ਸਿੰਘ ਨੇ ਕਿਹਾ ਕਿ ਫ਼ਿਰੋਜ਼ਪੁਰ, ਬਠਿੰਡਾ, ਅਬੋਹਰ ਅਤੇ ਫ਼ਰੀਦਕੋਟ ਦੀ ਹਦੂਦ ਅੰਦਰ ਪੈਂਦੇ ਰੇਲਵੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਹਰ ਯਾਤਰੀ ਦੀ ਸੁਰੱਖਿਆ ਲਈ ਜੀਆਰਪੀ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੁਰੱਖਿਆ ਅਭਿਆਨ ਅੱਗੇ ਵੀ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਆਮ ਲੋਕਾਂ ਅਤੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅਣਪਛਾਤੀ ਵਸਤੂ, ਲਾਵਾਰਿਸ ਬੈਗ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਇਸ ਦੀ ਸੂਚਨਾ ਤੁਰੰਤ ਜੀਆਰਪੀ ਪੁਲਸ ਨੂੰ ਦਿੱਤੀ ਜਾਵੇ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਪੁਲਸ ਦਾ ਸਹਿਯੋਗ ਕੀਤਾ ਜਾਵੇ।