- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਕਾਲਜ ਵਿਖੇ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਦੋ ਨਾਟਕ ਪੇਸ਼ ਕੀਤੇ ਗਏ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਦੀ ਅਗਵਾਈ ਹੇਠ ਅਤੇ ਯੂਥ ਕੋਆਰਡੀਨੇਟਰ ਕਮੇਟੀ ਡਾ. ਅੰਮ੍ਰਿਤਪਾਲ ਸਿੰਘ, ਮਿਸ ਪੂਨਮ ਅਰੋੜਾ, ਸ਼ਹਿਨਾਜ਼ ਬੇਗਮ ਦੇ ਸਹਿਯੋਗ ਨਾਲ ਕ੍ਰਾਂਤੀ ਕਲਾ ਮੰਚ, ਮੋਗਾ ਵੱਲੋਂ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਦੋ ਨਾਟਕਾਂ ਦਾ ਪ੍ਰਭਾਵਸ਼ਾਲੀ ਮੰਚਨ ਕਰਵਾਇਆ ਗਿਆ। ਨਾਟਕਾਂ ਦਾ ਨਿਰਦੇਸ਼ਨ ਅਤੇ ਅਦਾਕਾਰੀ ਪ੍ਰਸਿੱਧ ਰੰਗਕਰਮੀ ਬਲਜੀਤ ਸਿੰਘ ਮੋਗਾ ਵੱਲੋਂ ਕੀਤੀ ਗਈ। ਪਹਿਲਾ ਨਾਟਕ ‘ਠੋਸ ਕਚਰਾ ਪ੍ਰਬੰਧਨ’ ਦੇ ਵਿਸ਼ੇ ’ਤੇ ਆਧਾਰਿਤ ਸੀ। ਨਾਟਕ ਰਾਹੀਂ ਕਚਰੇ ਦੀ ਸਹੀ ਸੰਭਾਲ, ਗਿੱਲੇ ਅਤੇ ਸੁੱਕੇ ਕਚਰੇ ਨੂੰ ਵੱਖ-ਵੱਖ ਕਰਨ, ਸਫ਼ਾਈ ਦੀ ਮਹੱਤਤਾ ਅਤੇ ਵਾਤਾਵਰਣ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਗਿਆ। ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਸਵੱਛ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ।ਦੂਜਾ ਨਾਟਕ ‘ਨਾਦਾਨ ਪਰਿੰਦੇ’ ਨੌਜਵਾਨਾਂ ਦੀਆਂ ਆਕਾਂਖਾਵਾਂ, ਸਫ਼ਲਤਾ ਦੀ ਦੌੜ ਅਤੇ ਗਲਤ ਰਾਹਾਂ ਵੱਲ ਵਧ ਰਹੇ ਕਦਮਾਂ ਨੂੰ ਕੇਂਦਰ ਵਿੱਚ ਰੱਖ ਕੇ ਪੇਸ਼ ਕੀਤਾ ਗਿਆ। ਨਾਟਕ ਨੇ ਦਰਸਾਇਆ ਕਿ ਜਲਦੀ ਅਤੇ ਆਸਾਨੀ ਨਾਲ ਸਫ਼ਲਤਾ ਹਾਸਲ ਕਰਨ ਦੀ ਲਾਲਸਾ ਵਿੱਚ ਕੁਝ ਨੌਜਵਾਨ ਨਸ਼ਿਆਂ ਅਤੇ ਹੋਰ ਗਲਤ ਰੁਝਾਨਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਪੇਸ਼ਕਾਰੀ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਿਹਨਤ, ਸਹੀ ਦਿਸ਼ਾ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਦੇਸ਼ ਦਿੱਤਾ ਗਿਆ। ਕ੍ਰਾਂਤੀ ਕਲਾ ਮੰਚ ਦੀ ਟੀਮ ਵਿੱਚ ਸਤਨਾਮ ਮੁਕਤਸਰੀਆਂ ਨੇ ਵੱਖ-ਵੱਖ ਭੂਮਿਕਾਵਾਂ ਨੂੰ ਬਹੁਤ ਹੀ ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਉਨ੍ਹਾਂ ਦੀ ਬਹੁਪੱਖੀ ਅਦਾਕਾਰੀ ਨੇ ਨਾਟਕ ਦੀ ਪੇਸ਼ਕਾਰੀ ਨੂੰ ਹੋਰ ਜੀਵੰਤ ਬਣਾਇਆ। ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਬਾਬੂ ਵਰਮਾ ਅਤੇ ਨਿਰਦੀਪ ਨੇ ਵੀ ਨਾਟਕ ਵਿੱਚ ਛੋਟੀਆਂ ਪਰ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾ ਕੇ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ।ਦੋਵੇਂ ਨਾਟਕਾਂ ਦੀ ਪੇਸ਼ਕਾਰੀ ਨੇ ਵਿਦਿਆਰਥੀਆਂ ਨੂੰ ਨਾ ਸਿਰਫ਼ ਮਨੋਰੰਜਨ ਪ੍ਰਦਾਨ ਕੀਤਾ, ਸਗੋਂ ਉਨ੍ਹਾਂ ਨੂੰ ਗੰਭੀਰ ਸਮਾਜਿਕ ਮੁੱਦਿਆਂ ’ਤੇ ਵਿਚਾਰ ਕਰਨ ਲਈ ਵੀ ਪ੍ਰੇਰਿਤ ਕੀਤਾ। ਕਲਾਕਾਰਾਂ ਦੀ ਜੀਵੰਤ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਨਿਰਦੇਸ਼ਨ ਨੇ ਦਰਸ਼ਕਾਂ ’ਤੇ ਡੂੰਘੀ ਛਾਪ ਛੱਡੀ।ਇਸ ਮੌਕੇ ਯੂਥ ਕੋਆਰਡੀਨੇਟਰ ਡਾ. ਅੰਮ੍ਰਿਤਪਾਲ ਸਿੰਘ ਨੇ ਕ੍ਰਾਂਤੀ ਕਲਾ ਮੰਚ, ਮੋਗਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਟਕ ਸਮਾਜਿਕ ਚੇਤਨਾ ਪੈਦਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਲਈ ਅਜਿਹੇ ਜਾਗਰੂਕਤਾ ਭਰਪੂਰ ਉਪਰਾਲੇ ਸਮੇਂ ਦੀ ਲੋੜ ਹਨ। ਇਸ ਸਮੇਂ ਕਾਲਜ ਸਟਾਫ ਮੈਂਬਰ ਡਾ ਸਤਨਾਮ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਗੁਰਤੇਜ ਸਿੰਘ, ਗਰੀਸ਼ ਸ਼ਰਮਾ ਵੀ ਹਾਜ਼ਰ ਰਹੇ।