ਨਵੀਂ ਦਾਣਾ ਮੰਡੀ ਕਰਾਫ਼ਟ ਮੇਲੇ 'ਚ ਲਾਇਆ ਬੂਟਿਆਂ ਦਾ ਲੰਗਰ ਬਾਬਾ ਫਰੀਦ ਮੇਲੇ 'ਤੇ ਅਵਤਾਰ ਸਿੰਘ ਮੈਮੋਰੀਅਲ ਵੈਲਫੇਅਰ ਸੋਸਾਇਟੀ ਵੱਲੋਂ ਲੱਗੇ ਨਵੀਂ ਦਾਣਾ ਮੰਡੀ ਕਰਾਫ਼ਟ ਮੇਲੇ 'ਚ ਲਾਇਆ ਬੂਟਿਆਂ ਦਾ ਲੰਗਰ
Publish Date: Sat, 19 Sep 2026 04:10 PM (IST)
Updated Date: Sat, 19 Sep 2026 04:11 PM (IST)
ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਮਹਾਨ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੇ ਪਵਿੱਤਰ ਆਗਮਨ ਪੁਰਬ ਦੇ ਸ਼ੁੱਭ ਅਵਸਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਵਤਾਰ ਸਿੰਘ ਮੈਮੋਰੀਅਲ ਵੈਲਫੇਅਰ ਸੋਸਾਇਟੀ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਨੂੰ ਮੁੱਖ ਰੱਖਦਿਆਂ 3 ਦਿਨਾਂ ਬੂਟਿਆਂ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ। ਇਸ ਸ਼ਲਾਘਾਯੋਗ ਉਪਰਾਲੇ ਦੌਰਾਨ ਸੋਸਾਇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਹੇਠ ਦੂਰ-ਦੂਰ ਤੋਂ ਆਈਆਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਫਲਦਾਰ, ਛਾਂਦਾਰ ਅਤੇ ਔਸ਼ਧੀ ਗੁਣਾਂ ਵਾਲੇ ਬੂਟੇ ਮੁਫ਼ਤ ਵੰਡੇ ਗਏ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਫਰੀਦ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣਾ ਅਤੇ ਪ੍ਰਦੂਸ਼ਣ ਮੁਕਤ ਰੱਖਣਾ ਹੀ ਸਾਡੀ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਦੱਸਿਆ ਕਿ ਬੂਟਿਆਂ ਦਾ ਲੰਗਰ ਅੱਜ ਤੋਂ 21 ਸਤੰਬਰ ਤੱਕ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਦਿਨੋਂ-ਦਿਨ ਗੰਭੀਰ ਹੋ ਰਹੀਆਂ ਵਾਤਾਵਰਨ ਸਮੱਸਿਆਵਾਂ ਨਾਲ ਨਜਿੱਠਣ ਲਈ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ਼ ਬੂਟਾ ਲਗਾਉਣ, ਸਗੋਂ ਉਸ ਨੂੰ ਇੱਕ ਪਰਿਵਾਰਕ ਮੈਂਬਰ ਵਾਂਗ ਪਾਲ ਕੇ ਵੱਡਾ ਕਰਨ ਦੀ ਜ਼ਿੰਮੇਵਾਰੀ ਵੀ ਚੁੱਕਣ। ਸੋਸਾਇਟੀ ਵੱਲੋਂ ਲਗਾਏ ਗਏ ਇਸ ਨਿਵੇਕਲੇ ਲੰਗਰ ਦੀ ਆਈਆਂ ਹੋਈਆਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਸੋਸਾਇਟੀ ਦੇ ਹੋਰ ਮੈਂਬਰ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸੇਵਾਦਾਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਜਿਨ੍ਹਾਂ ਨੇ ਬੂਟੇ ਵੰਡਣ ਦੀ ਸੇਵਾ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਇਸ ਮੌਕੇ ਤੇ ਗੁਰਭਜਨ ਸਿੰਘ ਸੰਧੂ, ਬੋਹੜ ਸਿੰਘ ਘਾਰੂ, ਜਸਵਿੰਦਰ ਸਿੰਘ ਔਲਖ ਐੱਸ ਸੀ ਸੈੱਲ ਫ਼ਰੀਦਕੋਟ, ਕੁਲਦੀਪ ਸਿੰਘ ਵੀਰੇਵਾਲਾ, ਅਵਤਾਰ ਸਿੰਘ ਨੰਬਰਦਾਰ, ਅਮਰਜੀਤ ਸਿੰਘ ਗੰਦਾਰਾਂ, ਜਸਵੰਤ ਸਿੰਘ ਬਰਾੜ, ਤੋਂ ਇਲਾਵਾ ਸੋਸਾਇਟੀ ਦੇ ਮੈਂਬਰ ਅਤੇ ਕਾਂਗਰਸ ਵਰਕਰ ਮੇਲੇ ਵਿੱਚ ਆਏ ਲੋਕਾਂ ਨੂੰ ਬੂਟੇ ਵੰਡਣ ਦੀ ਸੇਵਾ ਨਿਭਾ ਰਹੇ ਸਨ।