- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਾਂ ਨੂੰ ਲੈ ਕੇ ਪਟਵਾਰੀਆਂ ਅਤੇ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਤਹਿਸੀਲ ਦਫ਼ਤਰ ਕੋਟਕਪੂਰਾ ਵਿਖੇ ਰੋਸ ਪ੍ਰਦਰਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ (ਰਜਿ.) ਤਹਿਸੀਲ ਕੋਟਕਪੂਰਾ ਤੇ ਜੈਤੋ (ਜ਼ਿਲ੍ਹਾ ਫਰੀਦਕੋਟ) ਅਤੇ 'ਦੀ ਰਿਟਾਇਰਡ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ' ਵੱਲੋਂ ਪਟਵਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਤਹਿਸੀਲ ਦਫ਼ਤਰ ਕੋਟਕਪੂਰਾ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਹੱਕੀ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪਟਵਾਰੀ ਵਰਗ ਆਪਣੀਆਂ ਜਾਇਜ਼ ਮੰਗਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹ ਪਿਆ ਹੋਇਆ ਹੈ। ਉਨ੍ਹਾਂ ਨੇ ਆਪਣੀਆਂ ਮੁੱਖ ਮੰਗਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ 17-07-2020 ਦੇ ਪੱਤਰ ਨੂੰ ਤੁਰੰਤ ਰੱਦ ਕਰਨ, ਪਟਵਾਰੀਆਂ ਲਈ ਟੈਕਨੀਕਲ ਸਕੇਲ ਲਾਗੂ ਕਰਨ, ਸਟੇਟ ਕਾਡਰ ਦਾ ਫੈਸਲਾ ਰੱਦ ਕਰਨ, ਖ਼ਤਮ ਕੀਤੀਆਂ ਗਈਆਂ ਪਟਵਾਰੀਆਂ ਦੀਆਂ ਅਸਾਮੀਆਂ ਨੂੰ ਮੁੜ ਬਹਾਲ ਕਰਨ, 60 ਫੀਸਦੀ ਡੀ.ਏ. ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕੀਤੀ ਜਾਵੇ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਨਿਰਮਲਜੀਤ ਸਿੰਘ, ਰਿਟਾਇਰਡ ਕਾਨੂੰਗੋ ਜਗਦੀਸ਼ ਕੁਮਾਰ, ਸਵਰਨਪਾਲ ਸਿੰਘ, ਸੁਸ਼ੀਲ ਕੁਮਾਰ, ਪੁਨੀਤ ਜਿੰਦਲ, ਮਨਜੀਤ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਸ਼ਾਮ ਸਿੰਘ ਅਤੇ ਰੂਪ ਸਿੰਘ ਸਮੇਤ ਤਹਿਸੀਲ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸਮੂਹ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਟਵਾਰੀ ਮਾਲ ਵਿਭਾਗ ਦੇ ਕੰਮਕਾਜ ਦੀ ਮੁੱਖ ਰੀੜ੍ਹ ਦੀ ਹੱਡੀ ਹਨ ਅਤੇ ਸਰਕਾਰ ਦੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਇਸ ਲਈ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਲਮਕਾਉਣ ਦੀ ਬਜਾਏ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ, ਤਾਂ ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਗਲੇ ਵਡੇਰੇ ਫੈਸਲੇ ਲਏ ਜਾਣਗੇ।