ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਸੁਤੰਤਰਤਾ ਸੰਗਰਾਮੀਆਂ ਦੇ ਨਾਮ ’ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਕੀਤੀ ਸਿਆਸਤ : ਅਹਿਲ
Publish Date: Wed, 25 Mar 2026 03:44 PM (IST)
Updated Date: Thu, 26 Mar 2026 03:59 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ‘ਫਰੀਡਮ ਫਾਈਟਰ ਉਤਰਾਅਧਿਕਾਰੀ’ ਸੰਸਥਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਬਲਦੇਵ ਸਿੰਘ ਅਹਿਲ ਦੀ ਅਗਵਾਈ ਹੇਠ ਸੁਤੰਤਰਤਾ ਸੰਗਰਾਮੀਆਂ ਦੇ ਵੱਖ ਵੱਖ ਪਰਿਵਾਰਾਂ ਨਾਲ ਸਬੰਧਤ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਪਾਰਕ ਫਰੀਦਕੋਟ ਵਿਖੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਅਫਸੋਸ ਪ੍ਰਗਟਾਇਆ ਕਿ ਦੇਸ਼ ਭਗਤਾਂ ਦੇ ਨਾਮ ’ਤੇ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਆਗੂ ਸਿਆਸੀ ਰੋਟੀਆਂ ਸੇਕਦੇ ਸਨ, ਉਸੇ ਤਰ੍ਹਾਂ ਹੁਣ ਸੱਤਾਧਾਰੀ ਧਿਰ ਦੇ ਆਗੂਆਂ ਨੇ ਵੀ ਪੈੜ ਵਿੱਚ ਪੈਰ ਰੱਖਣਾ ਸ਼ੁਰੂ ਕਰ ਦਿੱਤਾ ਹੈ। ਬਲਦੇਵ ਸਿੰਘ ਅਹਿਲ ਸਮੇਤ ਸਤਪਾਲ ਸਿੰਘ ਫੋਜੀ, ਗੁਰਦੇਵ ਸਿੰਘ, ਡਾ ਕਿ੍ਰਸ਼ਨ ਕੁਮਾਰ ਅਤੇ ਦਰਸ਼ਨ ਸਿੰਘ ਨੇ ਆਖਿਆ ਕਿ 26 ਜਨਵਰੀ, 15 ਅਗਸਤ, 23 ਮਾਰਚ, 28 ਸਤੰਬਰ ਜਾਂ ਕਿਸੇ ਹੋਰ ਆਜਾਦੀ ਦੇ ਪ੍ਰਵਾਨੇ ਦੀ ਯਾਦ ਵਿੱਚ ਕੀਤੇ ਜਾਣ ਵਾਲੇ ਸਮਾਗਮਾ ਮੌਕੇ ਸੱਤਾਧਾਰੀ ਧਿਰ ਦਾ ਆਗੂ ਦੇਸ਼ ਭਗਤ ਦੇ ਬੁੱਤ ’ਤੇ ਹਾਰ ਪਾ ਕੇ, ਜੈ ਹਿੰਦ ਆਖ ਕੇ, ਆਜਾਦੀ ਦੇ ਪ੍ਰਵਾਨੇ ਦਾ ਗੁਣਗਾਨ ਕਰਕੇ ਚੱਲਦਾ ਬਣਦਾ ਹੈ ਪਰ ਦੇਸ਼ ਭਗਤਾਂ ਦੇ ਪਰਿਵਾਰਾਂ ਦੇ ਮਾਣ ਸਤਿਕਾਰ ਦਾ ਧਿਆਨ ਰੱਖਣ ਦੀ ਜਰੂਰਤ ਹੀ ਨਹੀਂ ਸਮਝੀ ਜਾਂਦੀ। ਸਿਮਰਜੀਤ ਸਿੰਘ ਗੋਲੇਵਾਲਾ, ਪੇ੍ਮ ਸਿੰਘ ਬੇਗੂਵਾਲਾ ਅਤੇ ਸਤੀਸ਼ ਬਾਗੀ ਨੇ ਆਖਿਆ ਕਿ ਦੇਸ਼ ਦੀ ਆਜਾਦੀ ਲਈ ਕੁਰਬਾਨ ਹੋਣ ਵਾਲਿਆਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਤੋਂ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਭਲੀਭਾਂਤ ਜਾਣੂ ਹਨ ਪਰ ਉਹਨਾ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ, ਪੇ੍ਸ਼ਾਨੀਆਂ, ਚੁਣੋਤੀਆਂ ਅਤੇ ਮੰਗਾਂ ਵੱਲ ਧਿਆਨ ਦੇਣ ਲਈ ਕੋਈ ਵੀ ਪਾਰਟੀ ਤਿਆਰ ਨਹੀਂ।