- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ-ਪਿਤਾ ਅਤੇ ਅਧਿਆਪਕ ਹੀ ਜੀਵਨ ਦੇ ਸਭ ਤੋਂ ਪਹਿਲੇ ਗੁਰੂ : ਮਨਿੰਦਰ ਕੌਰ ਵਿਰਕ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਮਨੁੱਖ ਦੀ ਜ਼ਿੰਦਗੀ ਵਿੱਚ ਅਧਿਆਪਕ ਦਾ ਸਥਾਨ ਬਹੁਤ ਉੱਚਾ ਹੁੰਦਾ ਹੈ। ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਸਗੋਂ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ, ਸਹੀ ਫ਼ੈਸਲੇ ਲੈਣ ਅਤੇ ਇੱਕ ਚੰਗਾ ਇਨਸਾਨ ਬਣਨ ਦੀ ਸੂਝ ਵੀ ਦਿੰਦਾ ਹੈ। ਇਹ ਵਿਚਾਰ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੀ ਸਹਾਇਕ ਪ੍ਰੋਫੈਸਰ ਜੋਗਰਫੀ਼ ਮਨਿੰਦਰ ਕੌਰ ਵਿਰਕ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਭ ਤੋਂ ਪਹਿਲੇ ਅਤੇ ਮਹਾਨ ਗੁਰੂ ਉਨ੍ਹਾਂ ਦੇ ਮਾਤਾ-ਪਿਤਾ ਹਨ। ਮਾਤਾ ਸ਼੍ਰੀਮਤੀ ਕੰਵਲਜੀਤ ਕੌਰ ਤੋਂ ਉਨ੍ਹਾਂ ਨੇ ਸਾਦਗੀ, ਸਹਿਣਸ਼ੀਲਤਾ, ਨਰਮਦਿਲੀ ਅਤੇ ਰਿਸ਼ਤਿਆਂ ਦੀ ਕਦਰ ਕਰਨੀ ਸਿੱਖੀ। ਪਿਤਾ ਸਵਰਗਵਾਸੀ ਸਰਦਾਰ ਦਲਜੀਤ ਸਿੰਘ, ਡੀ.ਪੀ.ਆਰ.ਓ., ਉਨ੍ਹਾਂ ਦੇ ਸਭ ਤੋਂ ਵੱਡੇ ਪ੍ਰੇਰਨਾ-ਸਰੋਤ ਰਹੇ। ਪਿਤਾ ਜੀ ਹਮੇਸ਼ਾ ਉਨ੍ਹਾਂ ਨੂੰ ਸਬਰ ਅਤੇ ਵਿਸ਼ਵਾਸ ਨਾਲ ਅੱਗੇ ਵਧਣ ਦੀ ਸਿੱਖਿਆ ਦਿੰਦੇ ਸਨ। ਉਨ੍ਹਾਂ ਦੀ ਇਹ ਗੱਲ, “ਦੀਵਾ ਕਦੇ ਨਹੀਂ ਬੋਲਦਾ, ਉਸ ਦੀ ਰੌਸ਼ਨੀ ਹੀ ਉਸ ਦੀ ਪਹਿਚਾਣ ਹੁੰਦੀ ਹੈ,” ਅੱਜ ਵੀ ਉਨ੍ਹਾਂ ਲਈ ਜੀਵਨ ਦਾ ਸਿਧਾਂਤ ਹੈ। ਮਨਿੰਦਰ ਕੌਰ ਵਿਰਕ ਨੇ ਦੱਸਿਆ ਕਿ ਅਜੀਤ ਵਿਦਿਆਲੇ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿੱਚ ਪੜ੍ਹਾਈ ਦੌਰਾਨ ਮੈਡਮ ਸ਼ਾਂਤੀ, ਤਿਲਕ ਰਾਜ ਸਰ, ਰਾਕੇਸ਼ ਸਰ ਅਤੇ ਊਸ਼ਾ ਮੈਡਮ ਨੇ ਉਨ੍ਹਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ। ਉੱਚ ਸਿੱਖਿਆ ਦੌਰਾਨ ਸਰੂਪ ਰਾਣੀ ਸਰਕਾਰੀ ਕਾਲਜ ਵੂਮੈਨ, ਅੰਮ੍ਰਿਤਸਰ ਦੀ ਪ੍ਰੋ. ਜਸਵੀਰ ਕੌਰ ਨੇ ਉਨ੍ਹਾਂ ਨੂੰ ਜੋਗਰਫੀ਼ ਵਿਸ਼ਾ ਪੜ੍ਹਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਰਦਾਰ ਅਮਰਪ੍ਰੀਤ ਸਿੰਘ ਸੰਧੂ, ਪ੍ਰੋ. ਮੋਨੀਕਾ, ਪ੍ਰੋ. ਸਤਿੰਦਰ ਕੌਰ ਅਤੇ ਪ੍ਰੋ. ਜੈਦੀਪ ਸਿੰਘ ਢਿੱਲੋਂ ਦਾ ਵੀ ਉਨ੍ਹਾਂ ਦੀ ਸਫ਼ਲਤਾ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਇਨ੍ਹਾਂ ਦੇ ਮਾਰਗਦਰਸ਼ਨ ਅਤੇ ਆਪਣੀ ਮਿਹਨਤ ਸਦਕਾ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੈਰਿਟ ਵਿੱਚ ਆਨਰਜ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਨੌਕਰੀ ਦੌਰਾਨ ਉਨ੍ਹਾਂ ਨੂੰ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੇ 13 ਪ੍ਰਿੰਸੀਪਲਾਂ ਅਤੇ 100 ਤੋਂ ਵੱਧ ਸਹਾਇਕ ਪ੍ਰੋਫੈਸਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਪ੍ਰਿੰਸੀਪਲ ਸ਼੍ਰੀਮਤੀ ਹਰਤੇਜ ਕੌਰ ਬੱਲ ਵੀ ਉਨ੍ਹਾਂ ਲਈ ਵਿਸ਼ੇਸ਼ ਪ੍ਰੇਰਨਾ ਦਾ ਸਰੋਤ ਰਹੇ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੀ ਕਾਮਯਾਬੀ ਦਾ ਸਭ ਤੋਂ ਵੱਡਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਗਿਆਨ ਨਹੀਂ ਦਿੰਦੇ, ਸਗੋਂ ਵਿਦਿਆਰਥੀਆਂ ਦੇ ਅੰਦਰ ਅਜਿਹਾ ਇਨਸਾਨ ਤਿਆਰ ਕਰਦੇ ਹਨ, ਜਿਸ ਦੀ ਪਹਿਚਾਣ ਉਸਦੇ ਕੰਮਾਂ ਅਤੇ ਕਿਰਦਾਰ ਨਾਲ ਹੁੰਦੀ ਹੈ।