ਨੈਤਿਕ ਸਿੱਖਿਆ ਪ੍ਰੀਖਿਆ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਨੈਤਿਕ ਸਿੱਖਿਆ ਪ੍ਰੀਖਿਆ ਵਿੱਚ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸਕੂਲ ਝੋਟੀਵਾਲਾ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Tue, 15 Sep 2026 05:13 PM (IST)
Updated Date: Wed, 16 Sep 2026 04:05 AM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਾਦਿਕ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਝੋਟੀਵਾਲਾ (ਫ਼ਰੀਦਕੋਟ ਜ਼ੋਨ, ਸਾਦਿਕ ਖੇਤਰ) ਦੀਆਂ ਵਿਦਿਆਰਥਣਾਂ ਨੇ ਨੈਤਿਕ ਸਿੱਖਿਆ ਦੀ ਪ੍ਰੀਖਿਆ ਵਿੱਚ ਵੱਡੀ ਸਫ਼ਲਤਾ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਪ੍ਰੀਖਿਆ ਵਿੱਚ ਸਕੂਲ ਦੀਆਂ 4 ਹੋਣਹਾਰ ਵਿਦਿਆਰਥਣਾਂ ਮਨਕੀਰਤ ਕੌਰ, ਨਵਜੋਤ ਕੌਰ, ਸੁਖਵੀਰ ਕੌਰ ਅਤੇ ਕੋਮਨਪ੍ਰੀਤ ਕੌਰ ਬੇਗੂਵਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਦਿਕ ਖੇਤਰ ਵਿੱਚੋ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ। ਇਸ ਤੋਂ ਇਲਾਵਾ ਸਕੂਲ ਦੀਆਂ 14 ਹੋਰ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿੱਚ ਸਥਾਨ ਬਣਾ ਕੇ ਸੰਸਥਾ ਦਾ ਮਾਣ ਵਧਾਇਆ। ਇਸ ਸ਼ਲਾਘਾਯੋਗ ਪ੍ਰਾਪਤੀ ਪਿੱਛੇ ਸੰਸਥਾ ਦੇ ਚੇਅਰਮੈਨ ਪਰਗਟ ਸਿੰਘ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਦੇ ਯੋਗ ਸਹਿਯੋਗ, ਕੁਸ਼ਲ ਅਗਵਾਈ ਅਤੇ ਪ੍ਰੇਰਣਾ ਸਦਕਾ ਹੀ ਬੱਚੇ ਇਸ ਮੁਕਾਮ ਤੇ ਪਹੁੰਚੇ ਹਨ। ਵਿਦਿਆਰਥੀਆਂ ਨੂੰ ਇਸ ਮੁਕਾਬਲੇ ਲਈ ਪ੍ਰਾਇਮਰੀ ਪੱਧਰ ਤੇ ਰੁਪਿੰਦਰ ਕੌਰ, ਮਿਡਲ ਦਰਜੇ ਵਿੱਚ ਹਰਮੀਤ ਸਿੰਘ ਅਤੇ ਸੀਨੀਅਰ ਸੈਕੰਡਰੀ ਦਰਜੇ ਵਿੱਚ ਗੁਰਸੇਵਕ ਸਿੰਘ ਵੱਲੋਂ ਬਹੁਤ ਹੀ ਲਗਨ ਤੇ ਸਖ਼ਤ ਮਿਹਨਤ ਨਾਲ ਤਿਆਰੀ ਕਰਵਾਈ ਗਈ। ਇਸ ਵੱਡੀ ਸਫ਼ਲਤਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਪਰਗਟ ਸਿੰਘ, ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ, ਸਰਬਜੀਤ ਕੌਰ ਬੁੱਟਰ, ਜਸਵੀਰ ਕੌਰ ਬੁੱਟਰ ਮਨਜੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਜੇਤੂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਤਿਆਰੀ ਕਰਵਾਉਣ ਵਾਲੇ ਸਮੂਹ ਅਧਿਆਪਕਾਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਪ੍ਰੀਖਿਆਵਾਂ ਬੱਚਿਆਂ ’ਚ ਨੈਤਿਕ ਕਦਰਾਂ ਕੀਮਤਾਂ ਦ੍ਰਿੜ੍ਹ ਕਰਨ ਵਿੱਚ ਸਹਾਈ ਹੁੰਦੀਆਂ ਹਨ ਅਤੇ ਉਹ ਭਵਿੱਖ ਵਿੱਚ ਵੀ ਬੱਚਿਆਂ ਨੂੰ ਸਿੱਖਿਆ ਦੇ ਨਾਲੑਨਾਲ ਹਰ ਖੇਤਰ ਵਿੱਚ ਮੋਹਰੀ ਰੱਖਣ ਲਈ ਯਤਨਸ਼ੀਲ ਰਹਿਣਗੇ।