- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਕਾਲਜ ਜੈਤੋ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਸ਼ਾਨਦਾਰ ਪ੍ਰਾਪਤੀ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਯੂਨੀਵਰਸਿਟੀ ਕਾਲਜ ਜੈਤੋ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਐਲਾਨੇ ਗਏ ਐੱਮ.ਏ. ਪੰਜਾਬੀ ਦੇ ਤੀਜੇ ਅਤੇ ਚੌਥੇ ਸਮੈਸਟਰ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਵਾਰ ਵੀ ਧੀਆਂ ਨੇ ਆਪਣੀ ਲਗਨ, ਮਿਹਨਤ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਵਿੱਚ ਮੋਹਰੀ ਸਥਾਨ ਹਾਸਲ ਕੀਤੇ ਅਤੇ ਸਿੱਖਿਆ ਦੇ ਖੇਤਰ ਵਿੱਚ ਨਵਾਂ ਮਾਪਦੰਡ ਸਥਾਪਤ ਕੀਤਾ। ਐੱਮ.ਏ. ਪੰਜਾਬੀ ਤੀਜੇ ਸਮੈਸਟਰ (ਦਸੰਬਰ 2025) ਦੇ ਐਲਾਨੇ ਗਏ ਨਤੀਜਿਆਂ ਵਿੱਚ ਵਿਦਿਆਰਥਣ ਮਨਜੀਤ ਕੌਰ ਪੁੱਤਰੀ ਗੁਰਜੰਟ ਸਿੰਘ ਨੇ 7.60 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥਣ ਰਮਨਪ੍ਰੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਅਤੇ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ 7.40 ਐੱਸ.ਜੀ.ਪੀ.ਏ. ਨਾਲ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੀ ਯੋਗਤਾ ਦਾ ਸਬੂਤ ਦਿੱਤਾ। ਵਿਦਿਆਰਥਣ ਇੰਦਰਜੀਤ ਕੌਰ ਪੁੱਤਰੀ ਸੋਹਣ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਮ.ਏ. ਪੰਜਾਬੀ ਚੌਥੇ ਸਮੈਸਟਰ (ਮਈ 2026) ਦੇ ਨਤੀਜਿਆਂ ਵਿੱਚ ਵੀ ਵਿਦਿਆਰਥਣ ਮਨਜੀਤ ਕੌਰ ਨੇ 7.70 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲਾ ਸਥਾਨ ਆਪਣੇ ਨਾਮ ਕੀਤਾ। ਵਿਦਿਆਰਥਣ ਰਮਨਪ੍ਰੀਤ ਕੌਰ ਨੇ 7.55 ਐੱਸ.ਜੀ.ਪੀ.ਏ. ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਵਿਦਿਆਰਥਣ ਇੰਦਰਜੀਤ ਕੌਰ ਨੇ 7.05 ਐੱਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਵਿਭਾਗ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਨ੍ਹਾਂ ਨਤੀਜਿਆਂ ਨੇ ਨਾ ਸਿਰਫ਼ ਵਿਦਿਆਰਥਣਾਂ ਦੀ ਲਗਨ ਅਤੇ ਮਿਹਨਤ ਨੂੰ ਸਾਬਤ ਕੀਤਾ ਹੈ, ਸਗੋਂ ਕਾਲਜ ਦੇ ਉੱਚ ਅਕਾਦਮਿਕ ਮਿਆਰਾਂ ਨੂੰ ਵੀ ਦਰਸਾਇਆ ਹੈ। ਇਸ ਮੌਕੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਅਤੇ ਸਮੂਹ ਅਧਿਆਪਕਾਂ ਨੇ ਸਾਰੀਆਂ ਸਫ਼ਲ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਨਤੀਜੇ ਵਿਦਿਆਰਥਣਾਂ ਦੀ ਨਿਰੰਤਰ ਮਿਹਨਤ, ਅਨੁਸ਼ਾਸਨ, ਦ੍ਰਿੜ੍ਹ ਇਰਾਦੇ ਅਤੇ ਅਧਿਆਪਕਾਂ ਦੀ ਸੁਚੱਜੀ ਅਗਵਾਈ ਦਾ ਸਿੱਟਾ ਹਨ। ਉਨ੍ਹਾਂ ਨੇ ਵਿਦਿਆਰਥਣਾਂ ਦੇ ਮਾਪਿਆਂ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਲਈ ਹਰ ਸੰਭਵ ਸਹਿਯੋਗ ਦਿੱਤਾ। ਡਾ. ਸਮਰਾਟ ਖੰਨਾ ਅਤੇ ਡਾ. ਪਰਮਿੰਦਰ ਸਿੰਘ ਤੱਗੜ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਜੈਤੋ ਦਾ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਹਮੇਸ਼ਾ ਹੀ ਗੁਣਵੱਤਾ ਭਰਪੂਰ ਸਿੱਖਿਆ ਅਤੇ ਵਿਦਿਆਰਥੀ-ਕੇਂਦਰਿਤ ਅਧਿਆਪਨ ਲਈ ਜਾਣਿਆ ਜਾਂਦਾ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਅਕਾਦਮਿਕ ਉਤਕ੍ਰਿਸ਼ਟਤਾ ਦੇ ਨਾਲ-ਨਾਲ ਸਾਹਿਤਕ, ਸੱਭਿਆਚਾਰਕ ਅਤੇ ਖੋਜ ਗਤੀਵਿਧੀਆਂ ਨਾਲ ਵੀ ਜੋੜਿਆ ਜਾਂਦਾ ਹੈ, ਜਿਸ ਦਾ ਸਕਾਰਾਤਮਕ ਪ੍ਰਭਾਵ ਉਨ੍ਹਾਂ ਦੇ ਨਤੀਜਿਆਂ ਵਿੱਚ ਸਪੱਸ਼ਟ ਰੂਪ ਵਿੱਚ ਨਜ਼ਰ ਆਉਂਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਵਿਦਿਆਰਥੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਦੇ ਹੋਏ ਕਾਲਜ, ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਂਅ ਹੋਰ ਉੱਚਾ ਕਰਨਗੇ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਨੇ ਵੀ ਸਫ਼ਲ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਮਿਹਨਤ ਅਤੇ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ।