ਫਰੀਦਕੋਟ ’ਚ ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਫਰੀਦਕੋਟ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼: ਇੱਕ ਪਾਸੇ ਕਿਸਾਨਾਂ ਦੇ ਚਿਹਰੇ ਖਿੜੇ,
Publish Date: Thu, 02 Jul 2026 04:55 PM (IST)
Updated Date: Thu, 02 Jul 2026 04:59 PM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਲੰਬੇ ਇੰਤਜ਼ਾਰ ਤੋਂ ਬਾਅਦ ਕੱਲ੍ਹ ਰਾਤ ਹੋਈ ਮਾਨਸੂਨ ਦੀ ਪਹਿਲੀ ਤੇਜ਼ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ, ਉੱਥੇ ਹੀ ਇਸ ਬਾਰਿਸ਼ ਨੇ ਫਰੀਦਕੋਟ ਸ਼ਹਿਰ ਦੀ ਸਫਾਈ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਵਿੱਚ ਇੱਕ ਪਾਸੇ ਖੁਸ਼ੀ ਅਤੇ ਦੂਜੇ ਪਾਸੇ ਭਾਰੀ ਪਰੇਸ਼ਾਨੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਖੇਤਾਂ ਵਿੱਚ ਰੌਣਕ: ਝੋਨੇ ਦੀ ਲਵਾਈ ਹੋਈ ਸੌਖੀ ਬਾਰਿਸ਼ ਹੋਣ ਨਾਲ ਸਭ ਤੋਂ ਵੱਧ ਖੁਸ਼ੀ ਕਿਸਾਨਾਂ ਦੇ ਚਿਹਰਿਆਂ ਤੇ ਦਿਖਾਈ ਦੇ ਰਹੀ ਹੈ। ਇਸ ਸਮੇਂ ਝੋਨਾ ਲਾਉਣ ਦਾ ਸੀਜ਼ਨ ਪੂਰੇ ਜ਼ੋਰਾਂ ਤੇ ਹੈ ਅਤੇ ਪਾਣੀ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਲਈ ਇਹ ਮੀਂਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਕਿਸਾਨਾਂ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਸਾਡੀ ਵੱਡੀ ਚਿੰਤਾ ਦੂਰ ਕਰ ਦਿੱਤੀ ਹੈ। ਡੀਜ਼ਲ ਅਤੇ ਟਿਊਬਵੈੱਲ ਦੇ ਖਰਚੇ ਤੋਂ ਬਚਾਅ ਹੋ ਗਿਆ ਹੈ ਅਤੇ ਹੁਣ ਖੇਤਾਂ ਵਿੱਚ ਝੋਨੇ ਦੀ ਲਵਾਈ ਬਹੁਤ ਆਸਾਨੀ ਨਾਲ ਹੋ ਜਾਵੇਗੀ। ਅਸੀਂ ਰੱਬ ਦਾ ਸ਼ੁਕਰ ਕਰਦੇ ਹਾਂ। ਸ਼ਹਿਰ ਦਾ ਬੁਰਾ ਹਾਲ: ਹੜਤਾਲ ਅਤੇ ਮੀਂਹ ਨੇ ਬਣਾਏ ਨਰਕ ਵਰਗੇ ਹਾਲਾਤ ਦੂਜੇ ਪਾਸੇ, ਫਰੀਦਕੋਟ ਸ਼ਹਿਰ ਦੇ ਲੋਕਾਂ ਲਈ ਇਹ ਬਾਰਿਸ਼ ਮੁਸੀਬਤ ਬਣ ਕੇ ਆਈ ਹੈ। ਪਿਛਲੇ ਕਈ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੇ ਕੋਨੇ-ਕੋਨੇ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਸਨ। ਰਾਤ ਪਏ ਮੀਂਹ ਦੇ ਪਾਣੀ ਨੇ ਇਸ ਕੂੜੇ ਨੂੰ ਸੜਕਾਂ ਤੇ ਖਿਲਾਰ ਦਿੱਤਾ ਹੈ, ਜਿਸ ਕਾਰਨ ਗੰਦਗੀ ਅਤੇ ਬਦਬੂ ਪੂਰੇ ਸ਼ਹਿਰ ਵਿੱਚ ਫੈਲ ਗਈ ਹੈ। ਸੀਵਰੇਜ ਜਾਮ ਹੋਣ ਕਰਕੇ ਗੰਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਜਮ੍ਹਾਂ ਹੋ ਗਿਆ ਹੈ। ਸ਼ਹਿਰ ਵਾਸੀ ਮਹਿੰਦਰ ਕੁਮਾਰ, ਰਮਨਦੀਪ ਗਿੱਲ, ਕੁਲਦੀਪ ਸਿੰਘ ਕਾਹਦਾ ਦਾ ਕਹਿਣਾ ਹੈ ਕਿ ਮੀਂਹ ਨੇ ਗਰਮੀ ਤੋਂ ਰਾਹਤ ਤਾਂ ਦਿੱਤੀ, ਪਰ ਹੜਤਾਲ ਕਾਰਨ ਸ਼ਹਿਰ ਦਾ ਹਾਲ ਨਰਕ ਵਰਗਾ ਹੋ ਗਿਆ ਹੈ। ਥਾਂ-ਥਾਂ ਖਿੱਲਰਿਆ ਕੂੜਾ ਅਤੇ ਬਾਰਿਸ਼ ਦਾ ਗੰਦਾ ਪਾਣੀ ਮਿਲ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਸੜਕਾਂ ਤੇ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਪ੍ਰਸ਼ਾਸਨ ਨੂੰ ਜਲਦੀ ਕੋਈ ਹੱਲ ਕੱਢਣਾ ਚਾਹੀਦਾ ਹੈ। ਬਾਰਿਸ਼ ਤੋਂ ਬਾਅਦ ਸ਼ਹਿਰ ਵਿੱਚ ਮਹਾਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕ ਮੰਗ ਕਰ ਰਹੇ ਹਨ ਕਿ ਨਗਰ ਕੌਂਸਲ ਅਤੇ ਪ੍ਰਸ਼ਾਸਨ ਤੁਰੰਤ ਦਖਲ ਦੇ ਕੇ ਸਫਾਈ ਕਰਮਚਾਰੀਆਂ ਨਾਲ ਮਸਲਾ ਹੱਲ ਕਰੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਗੰਦਗੀ ਤੋਂ ਨਿਜਾਤ ਮਿਲ ਸਕੇ।