ਚੌਥੇ ਦਿਨ ਸਾਧਵੀ ਸੌਮਿਆ ਭਾਰਤੀ ਨੇ ਸੁਣਾਇਆ ਕੇਵਟ ਪ੍ਰਸੰਗ ਸ਼੍ਰੀ ਰਾਮ ਕਥਾ ਦੇ ਚੌਥੇ ਦਿਨ ਸਾਧਵੀ ਸੌਮਿਆ ਭਾਰਤੀ ਨੇ ਸੁਣਾਇਆ ਕੇਵਟ ਪ੍ਰਸੰਗ
Publish Date: Fri, 11 Sep 2026 06:00 PM (IST)
Updated Date: Sat, 12 Sep 2026 04:04 AM (IST)
ਕਿਹਾ- ਪੂਰਨ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਉਸ ਪਰਮਾਤਮਾ ਦਾ ਪ੍ਰਤੱਖ ਦਰਸ਼ਨ ਕੀਤਾ ਜਾ ਸਕਦਾ ਹੈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਦਿਵਯ ਜੋਯਤੀ ਜਾਗ੍ਰਿਤੀ ਸੰਸਥਾਨ ਦੇ ਵੱਲੋਂ ਆਯੋਜਿਤ ਸ਼੍ਰੀ ਰਾਮ ਕਥਾ ਦੇ ਚੌਥੇ ਦਿਨ ਯਜਮਾਨ ਪੂਰਨ ਚੰਦ ਮਿੱਤਲ ਨੇ ਪ੍ਰਭੂ ਸ਼੍ਰੀ ਰਾਮ ਜੀ ਦਾ ਪੂਜਨ ਕੀਤਾ। ਇਸ ਦੌਰਾਨ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਸੌਮਿਆ ਭਾਰਤੀ ਜੀ ਨੇ ਭਗਤਾਂ ਦੇ ਸਨਮੁੱਖ ਇੱਕ ਅਜਿਹੇ ਭਗਤ ਦੀ ਗਾਥਾ ਦਾ ਵਰਣਨ ਕੀਤਾ, ਜੋ ਭਾਵ-ਭਗਤੀ ਨਾਲ ਪਰਿਪੂਰਨ, ਪੇਂਡੂ ਅਤੇ ਬਹੁਤ ਹੀ ਸਧਾਰਨ ਜੀਵਨ ਬਤੀਤ ਕਰਨ ਵਾਲਾ ਸੀ। ਰਾਮਚਰਿਤਮਾਨਸ ਵਿੱਚ ਇਸ ਪਾਤਰ ਦਾ ਵਰਣਨ ਕੁਝ ਹੀ ਚੌਪਾਈਆਂ ਵਿੱਚ ਆਉਂਦਾ ਹੈ, ਪਰ ਇਨ੍ਹਾਂ ਚੌਪਾਈਆਂ ਵਿੱਚ ਆਧਿਆਤਮਿਕ ਦ੍ਰਿਸ਼ਟੀ ਤੋਂ ਬਹੁਤ ਡੂੰਘਾ ਮਰਮ ਛੁਪਿਆ ਹੋਇਆ ਹੈ। ਇਹ ਪਾਤਰ ਪ੍ਰਭੂ ਸ੍ਰੀ ਰਾਮ ਦਾ ਅਨਨਯ ਭਗਤ ਕੇਵਟ ਸੀ, ਜੋ ਪ੍ਰਭੂ ਪ੍ਰਤੀ ਅਥਾਹ ਪ੍ਰੇਮ ਨਾਲ ਭਰਿਆ ਹੋਇਆ ਸੀ। ਸਾਧਵੀ ਜੀ ਨੇ ਕੇਵਟ ਪ੍ਰਸੰਗ ਦੀ ਵਿਆਖਿਆ ਕਰਦਿਆਂ ਕਿਹਾ ਕਿ ਇੱਕ ਸਧਾਰਨ ਵਿਅਕਤੀ ਹੋਣ ਦੇ ਬਾਵਜੂਦ ਕੇਵਟ ਪ੍ਰਭੂ ਸ੍ਰੀ ਰਾਮ ਦੇ ਸਨਮੁੱਖ ਜੋ ਗੱਲ ਕਹਿੰਦਾ ਹੈ, ਉਹੀ ਗੱਲ ਸਾਡੇ ਧਾਰਮਿਕ ਗ੍ਰੰਥ ਅਤੇ ਸ਼ਾਸਤਰ ਵੀ ਦੱਸਦੇ ਹਨ ਕਿ ਪਰਮਾਤਮਾ ਦੇ ਮਰਮ ਅਤੇ ਭੇਦ ਨੂੰ ਜਾਣਿਆ ਜਾ ਸਕਦਾ ਹੈ। ਵੇਦਾਂ ਵਿੱਚ ਰਿਸ਼ੀ-ਮੁਨੀਆਂ ਨੇ ਪਰਮਾਤਮਾ ਨੂੰ ਜਾਣਨ ਦੀ ਗੱਲ ਕਹੀ ਹੈ ਅਤੇ ਭਗਤਾਂ ਨੇ ਵੀ ਆਪਣੇ ਅਨੁਭਵ ਦੇ ਆਧਾਰ ’ਤੇ ਪ੍ਰਭੂ ਦੀ ਅਨੁਭੂਤੀ ਦਾ ਵਰਣਨ ਕੀਤਾ ਹੈ। ਮੀਰਾ ਨੇ ਕਿਹਾ - ਪਾਯੋ ਜੀ ਮੈਂਨੇ ਰਾਮ ਰਤਨ ਧਨ ਪਾਯੋ। ਸੰਤ ਕਬੀਰ ਜੀ ਨੇ ਕਿਹਾ - ਜਾਨੀ ਜਾਨੀ ਹੈ ਰਾਜਾ ਰਾਮ ਕੀ ਕਹਾਨੀ। ਨਾਮਦੇਵ ਜੀ ਨੇ ਵੀ ਪਰਮਾਤਮਾ ਦੇ ਦਰਸ਼ਨ ਅਤੇ ਅਨੁਭੂਤੀ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਰ ਭਗਤ ਅਤੇ ਮਹਾਂਪੁਰਸ਼ ਨੇ ਪਰਮਾਤਮਾ ਨੂੰ ਜਾਣਨ ਅਤੇ ਦੇਖਣ ਦੀ ਗੱਲ ਕੀਤੀ ਹੈ। ਪਰ ਅੱਜ ਮਨੁੱਖ ਈਸ਼ਵਰ ਦੇ ਪਰਤੱਖ ਦਰਸ਼ਨ ਦੀ ਗੱਲ ’ਤੇ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਅੱਜ ਦੇ ਸਮੇਂ ਵਿੱਚ ਸਾਡੇ ਸਾਹਮਣੇ ਈਸ਼ਵਰ ਨੂੰ ਦੇਖਣ ਜਾਂ ਦਿਖਾਉਣ ਦੀ ਗੱਲ ਕਰਨ ਵਾਲਾ ਕੋਈ ਨਹੀਂ ਹੈ। ਜਦੋਂ ਜੀਵ ਨੂੰ ਪੂਰਨ ਸਤਿਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਤਾਂ ਉਹ ਆਪਣੇ ਘਟ ਦੇ ਅੰਦਰ ਉਸ ਪਰਮਾਤਮਾ ਦਾ ਪ੍ਰਤੱਖ ਦਰਸ਼ਨ ਕਰ ਸਕਦਾ ਹੈ। ਕੇਵਟ ਪ੍ਰਸੰਗ ਦੌਰਾਨ ਸਾਧਵੀ ਜੀ ਨੇ ਪ੍ਰਭੂ ਸ੍ਰੀ ਰਾਮ ਦੀ ਜੀਵਨ ਲੀਲਾ ਦਾ ਵਰਣਨ ਕਰਦਿਆਂ ਮਾਤਾ ਜਾਨਕੀ ਜੀ ਪ੍ਰਤੀ ਉਨ੍ਹਾਂ ਦੇ ਸਨਮਾਨ ਭਾਵ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀ ਰਾਮ ਦੇ ਜੀਵਨ ਤੋਂ ਸਾਨੂੰ ਸਮਾਜ ਵਿੱਚ ਨਾਰੀ ਪ੍ਰਤੀ ਆਦਰ ਅਤੇ ਸਨਮਾਨ ਦੀ ਭਾਵਨਾ ਰੱਖਣ ਦੀ ਪ੍ਰੇਰਣਾ ਮਿਲਦੀ ਹੈ। ਵੈਦਿਕ ਕਾਲ ਤੋਂ ਹੀ ਸਾਡੇ ਰਿਸ਼ੀ-ਮੁਨੀਆਂ ਨੇ ਨਾਰੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਉਸਨੂੰ ਪੂਜਨੀਯ ਅਤੇ ਸਨਮਾਨਯੋਗ ਸਥਾਨ ਪ੍ਰਦਾਨ ਕੀਤਾ। ਸਾਧਵੀ ਜੀ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਜੇਕਰ ਭਾਰਤ ਭੂਮੀ ਵੱਲ ਨਜ਼ਰ ਮਾਰੀਏ ਤਾਂ ਨਾਰੀ ਦੀ ਸਥਿਤੀ ਚਿੰਤਾਜਨਕ ਦਿਖਾਈ ਦਿੰਦੀ ਹੈ। ਸਮਾਜ ਦੇ ਹਰ ਖੇਤਰ ਵਿੱਚ ਸਨਮਾਨਿਤ ਨਾਰੀ ਦੇ ਨਾਲ ਅਪਰਾਧ ਦੀ ਪ੍ਰਵਿਰਤੀ ਦਿਨੋਂ-ਦਿਨ ਵੱਧ ਰਹੀ ਹੈ ਅਤੇ ਕਈ ਥਾਵਾਂ ’ਤੇ ਉਸਨੂੰ ਕੇਵਲ ਭੋਗ ਦੀ ਵਸਤੂ ਸਮਝਣ ਵਾਲੀ ਮਾਨਸਿਕਤਾ ਵੀ ਦੇਖਣ ਨੂੰ ਮਿਲਦੀ ਹੈ। ਕਥਾ ਦੌਰਾਨ ਵਿਸ਼ੇਸ਼ ਰੂਪ ’ਚ ਭਾਜਪਾ ਨੇਤਾ ਰਾਹੁਲ ਸਿੱਧੂ, ਪ੍ਰਮੋਦ ਪੰਜਾਬ ਆਰਐੱਸਐੱਸ, ਬਾਬਾ ਗਰੀਬਦਾਸ, ਭਾਜਪਾ ਨੇਤਾ ਗੌਰਵ ਕੱਕੜ ਅਤੇ ਸ੍ਰੀ ਦੁਰਗਾ ਮੰਦਿਰ ਦੇਵ ਸਥਾਨ ਕਮੇਟੀ ਦੇ ਪ੍ਰਧਾਨ ਅਸ਼ੋਕ ਆਪਣੇ ਸਾਥੀਆਂ ਨਾਲ ਪਹੁੰਚੇ। ਇਸ ਮੌਕੇ ਰੁਪਿੰਦਰ ਸਿੰਘ ਸੰਧੂ (ਧਰਮ ਪਤਨੀ ਅਜੇ ਪਾਲ ਸੰਧੂ ਹਲਕਾ ਇੰਚਾਰਜ ਕਾਂਗਰਸ), ਡਾਕਟਰ ਰਜਨੀਸ਼ ਲੱਡਾ, ਅਮਨਦੀਪ ਸਿੰਘ ਗੁਲਾਟੀ, ਕ੍ਰਿਸ਼ਨ ਲਾਲ, ਐਡਵੋਕੇਟ ਵਿਨੋਦ ਮੈਨੀ, ਡਾਕਟਰ ਸਤੀਸ਼ ਸ਼ਰਮਾ, ਦੀਪਕ ਮੁਖੀਜਾ, ਅਸ਼ੋਕ ਮਿੱਤਲ ਪ੍ਰਭੂ ਸ੍ਰੀ ਰਾਮ ਦੀ ਪਾਵਨ ਆਰਤੀ ਦੇ ਵਿੱਚ ਸ਼ਾਮਿਲ ਹੋਏ। ਕਥਾ ਦੌਰਾਨ ਸੰਗਤ ਲਈ ਹਰ ਰੋਜ਼ ਲੰਗਰ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।