ਘਰੇਲੂ ਕਲੇਸ਼ ਕਾਰਨ ਕਿਰਚ ਨਾਲ ਵਾਰ ਕਰ ਕੇ ਪਤਨੀ ਦਾ ਕਤਲ ਕੋਟਕਪੂਰਾ ਦੇ ਪਿੰਡ ਕੁਹਾਰ ਵਾਲਾ ਵਿੱਚ ਘਰੇਲੂ ਕਲੇਸ਼ ਕਾਰਨ ਪਤਨੀ ਦਾ ਕਤਲ, ਪਤੀ ਵੱਲੋਂ ਤੇਜ਼ਧਾਰ ਕਿਰਚ ਨਾਲ ਹਮਲਾ
Publish Date: Sun, 20 Sep 2026 06:33 PM (IST)
Updated Date: Mon, 21 Sep 2026 04:06 AM (IST)
20 ਐਫਡੀਕੇ : ਮਿ੍ਤਕ ਸਰਬਜੀਤ ਕੌਰ। * ਥਾਣਾ ਸਦਰ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ * ਛੱਤ ਦੇ ਰਸਤੇ ਗੁਆਂਢੀਆਂ ਦੇ ਘਰ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ ਸ਼ਿਵ ਸ਼ਰਮਾ, ਪੰਜਾਬੀ ਜਾਗਰਣ ਫ਼ਰੀਦਕੋਟ : ਕੋਟਕਪੂਰਾ ਦੇ ਪਿੰਡ ਕੁਹਾਰ ਵਾਲਾ ਵਿਖੇ ਘਰੇਲੂ ਕਲੇਸ਼ ਕਾਰਨ ਇਕ ਵਿਅਕਤੀ ਨੇ ਆਪਣੀ 30 ਸਾਲਾ ਪਤਨੀ ਦਾ ਤੇਜ਼ਧਾਰ ਕਿਰਚ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਮਗਰੋਂ ਥਾਣਾ ਸਦਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਕੁਹਾਰ ਵਾਲਾ ਵਾਸੀ ਗੁਰਜੰਟ ਸਿੰਘ ਦਾ ਆਪਣੀ ਪਤਨੀ ਸਰਬਜੀਤ ਕੌਰ ਨਾਲ ਘਰੇਲੂ ਕਲੇਸ਼ ਚੱਲਦਾ ਰਹਿੰਦਾ ਸੀ। ਦੋਵਾਂ ਦੇ ਦੋ ਲੜਕੀਆਂ ਤੇ ਇਕ ਲੜਕਾ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਜੰਟ ਸਿੰਘ ਅਕਸਰ ਸ਼ਰਾਬ ਦੇ ਨਸ਼ੇ ’ਚ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਬੀਤੀ ਰਾਤ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਤੇ ਗੁਰਜੰਟ ਸਿੰਘ ਵੱਲੋਂ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਸਰਬਜੀਤ ਕੌਰ ਆਪਣੇ ਗੁਆਂਢੀਆਂ ਦੇ ਘਰ ਚਲੀ ਗਈ ਤੇ ਉੱਥੇ ਹੀ ਰਾਤ ਨੂੰ ਸੌਂ ਗਈ। ਦੱਸਿਆ ਜਾ ਰਿਹਾ ਹੈ ਕਿ ਅੱਧੀ ਰਾਤ ਦੇ ਕਰੀਬ ਗੁਰਜੰਟ ਸਿੰਘ ਛੱਤ ਦੇ ਰਸਤੇ ਗੁਆਂਢੀਆਂ ਦੇ ਘਰ ’ਚ ਦਾਖ਼ਲ ਹੋ ਗਿਆ ਤੇ ਉੱਥੇ ਸੁੱਤੀ ਪਈ ਆਪਣੀ ਪਤਨੀ ’ਤੇ ਤੇਜ਼ਧਾਰ ਕਿਰਚ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਨੇ ਸਰਬਜੀਤ ਕੌਰ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਪੁਲਿਸ ਮੌਕੇ ’ਤੇ ਪਹੁੰਚੀ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਭੇਜ ਦਿੱਤਾ। ਥਾਣਾ ਸਦਰ ਦੇ ਐੱਸਐੱਚਓ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।