ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਕੀਤੀ ਵੰਡ
ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰੀ ਰਾਸ਼ਨ ਦੀ ਕੀਤੀ ਗਈ ‘ਵੰਡ’
Publish Date: Wed, 25 Mar 2026 03:45 PM (IST)
Updated Date: Thu, 26 Mar 2026 03:59 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਐੱਸ.ਐੱਚ.ਐੱਫ.ਦੇ ਸੇਵਾਦਾਰਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰੀ ਰਾਸ਼ਨ ਦੀ ਵੰਡ ਲਈ ਇੱਕ ਸਾਦਾ ਸਮਾਰੋਹ ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ, ਕੋਟਕਪੂਰਾ ਰੋਡ ਫਰੀਦਕੋਟ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਐੱਫ. ਫਰੀਦਕੋਟ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਗੁਰੂ ਆਸਰਾ ਕਲੱਬ ਅਤੇ ਐੱਸ.ਐੱਚ.ਐੱਫ. ਦੇ ਸਹਿਯੋਗੀ ਵੀਰ ਭੈਣਾਂ ਦੇ ਸਹਿਯੋਗ ਨਾਲ ਫਰੀਦਕੋਟ ਦੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ। ਇਹਨਾਂ ਪਰਿਵਾਰਾਂ ਵਿੱਚ ਬੇਸਹਾਰਾ ਬਜ਼ੁਰਗ, ਅੰਗਹੀਣ ਅਤੇ ਵਿਧਵਾਵਾਂ ਸ਼ਾਮਲ ਹਨ। ਉਹਨਾਂ ਦੱਸਿਆ ਕਿ ਪੰਜਾਬ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬ ਨਾਲ ਸਬੰਧਤ ਗੁਰੂ ਆਸਰਾ ਕਲੱਬ ਦੇ ਨੌਜਵਾਨ ਵੀਰਾਂ-ਭੈਣਾਂ ਵੱਲੋਂ ਸੰਗਤੀ ਰੂਪ ਵਿੱਚ ਹਰ ਮਹੀਨੇ ਆਪਣੀ ਕਿਰਤ ਕਮਾਈ ਦਾ ਦਸਵੰਧ ਇਕੱਠਾ ਕਰਦੇ ਹਨ ਅਤੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਆਰਥਿਕ ਮੱਦਦ, ਲੋੜਵੰਦਾਂ ਦੇ ਇਲਾਜ ਆਦਿ ਦੀ ਸੇਵਾ ਵਿੱਚ ਸਹਿਯੋਗ ਕਰਦੇ ਹਨ। ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਗੁਰੂ ਆਸਰਾ ਕਲੱਬ ਅਤੇ ਐੱਸ.ਐੱਚ.ਐੱਫ. ਦੇ ਸਹਿਯੋਗੀ ਅਤੇ ਸੇਵਾਦਾਰ ਵੀਰ/ਭੈਣਾਂ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੇ ਵਿਦੇਸ਼ਾਂ ਵਿੱਚ ਵਸੇ ਧੀਆਂ/ਪੁੱਤਰ ਵਿਦੇਸ਼ਾਂ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, ਉੱਥੇ ਹੀ ਪੰਜਾਬ ਦੇ ਲੋੜਵੰਦਾਂ ਦੀ ਮੱਦਦ ਕਰਨਾ ਵੀ ਆਪਣਾ ਫਰਜ਼ ਸਮਝਦੇ ਹਨ। ਇਸ ਮੌਕੇ ਸਵਰਨ ਕੌਰ ਕੰਪਿਊਟਰ ਇੰਸਟਰਕਟਰ, ਹਰਪ੍ਰੀਤ ਸਿੰਘ ਅਤੇ ਇਸ਼ਵਿੰਦਰ ਸਿੰਘ ਆਦਿ ਵੀ ਹਾਜਰ ਸਨ।