ਬਾਬਾ ਫਰੀਦ ਯੂਨੀਵਰਸਿਟੀ ਨੂੰ ਮੋਬਾਈਲ ਵੈਨ ਭੇਟ ਕੀਤੀ
ਜਨਹਿਤ ਅਤੇ ਮਰੀਜ਼ਾਂ ਦੀ ਸੇਵਾ ਲਈ ਬਾਬਾ ਫਰੀਦ ਯੂਨੀਵਰਸਿਟੀ ਨੂੰ ਮੋਬਾਈਲ ਵੈਨ ਭੇਂਟ
Publish Date: Fri, 27 Mar 2026 03:54 PM (IST)
Updated Date: Sat, 28 Mar 2026 04:00 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਮਾਜਿਕ ਜ਼ਿੰਮੇਵਾਰੀ ਅਤੇ ਲੋਕ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦਰਸਾਉਂਦਿਆਂ ਅਰੁਣਾ ਅਭੇ ਓਸਵਾਲ ਟਰੱਸਟ, ਲਾਇਨਜ਼ ਕਲੱਬ ਇੰਟਰਨੈਸ਼ਨਲ ਅਤੇ ਮਧੂ ਨਰਸਿੰਗ ਹੋਮ ਫਰੀਦਕੋਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੂੰ ਇੱਕ ਮੋਬਾਈਲ ਵੈਨ ਭੇਟ ਕੀਤੀ ਗਈ। ਇਹ ਵਾਹਨ ਯੂਨੀਵਰਸਿਟੀ ਦਫ਼ਤਰ ਵਿਖੇ ਸ਼ਾਮ ਸਮੇਂ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਰਸਮੀ ਤੌਰ ’ਤੇ ਸੌਂਪਿਆ ਗਿਆ। ਮੋਬਾਈਲ ਵੈਨ ਸੌਂਪਣ ਮੌਕੇ ਦਾਨੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਇਸ ਤਰ੍ਹਾਂ ਦੇ ਕੀਮਤੀ ਸਰੋਤ ਨੂੰ ਜਨਹਿਤ ਅਤੇ ਮਰੀਜ਼ਾਂ ਦੀ ਸੇਵਾ ਲਈ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਵਾਲੀਆਂ ਸਮਰੱਥ ਸੰਸਥਾਵਾਂ ਵਿੱਚੋਂ ਇੱਕ ਹੈ। ਇਸ ਮੌਕੇ ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਨੇ ਸੀਨੀਅਰ ਯੂਨੀਵਰਸਿਟੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਯੂਨੀਵਰਸਿਟੀ ਵੱਲੋਂ ਮੋਬਾਈਲ ਵੈਨ ਨੂੰ ਰਸਮੀ ਤੌਰ ’ਤੇ ਸਵੀਕਾਰ ਕੀਤਾ ਅਤੇ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦਾਨੀ ਸੰਸਥਾਵਾਂ ਦਾ ਇਸ ਮਹੱਤਵਪੂਰਨ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਸਮਾਜ ਸੇਵਾ ਅਤੇ ਪਰਉਪਕਾਰ ਦੀ ਉਨ੍ਹਾਂ ਦੀ ਭਾਵਨਾ ਦੀ ਭਰਪੂਰ ਸਰਾਹਨਾ ਕੀਤੀ। ਪ੍ਰੋ. ਸੂਦ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਸਮਾਜਸੇਵੀ ਅਤੇ ਦਾਨੀ ਸੰਸਥਾਵਾਂ ਵੱਲੋਂ ਲਗਭਗ 1 ਕਰੋੜ ਰੁਪਏ ਮੁੱਲ ਦੇ ਮੈਡੀਕਲ ਵਾਹਨ ਪ੍ਰਾਪਤ ਹੋਏ ਹਨ ਅਤੇ ਇਹ ਸਾਰੇ ਵਾਹਨ ਲਗਾਤਾਰ ਮਰੀਜ਼ਾਂ ਦੀ ਭਲਾਈ ਅਤੇ ਸਿਹਤ ਸੇਵਾਵਾਂ ਦੇ ਵਿਸਥਾਰ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।