ਦੀਵਾਲੀ ’ਤੇ ਮੁੜ ਵਧਿਆ ਮਿੱਟੀ ਦੇ ਦੀਵਿਆਂ ਦਾ ਰੁਝਾਨ ਦੀਵਾਲੀ ’ਤੇ ਮੁੜ ਵਧਿਆ ਮਿੱਟੀ ਦੇ ਦੀਵਿਆਂ ਦਾ ਰੁਝਾਨ
Publish Date: Wed, 28 Oct 2026 04:27 PM (IST)
Updated Date: Thu, 29 Oct 2026 04:01 AM (IST)
ਇਲੈਕਟ੍ਰਾਨਿਕ ਲੜੀਆਂ ਦੇ ਦੌਰ ’ਚ ਵੀ ਦੀਵਿਆਂ ਦੀ ਮਹੱਤਤਾ ਬਰਕਰਾਰ, ਤਿਉਹਾਰ ਤੋਂ ਮਿੱਟੀ ਦੇ ਕਾਰੀਗਰਾਂ ਨੂੰ ਆਸਾਂ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ਵਿੱਚ ਰੌਣਕ ਵਧਣ ਲੱਗ ਪਈ ਹੈ। ਘਰਾਂ ਨੂੰ ਸਜਾਉਣ ਲਈ ਜਿੱਥੇ ਲੋਕ ਰੰਗ-ਬਿਰੰਗੀਆਂ ਇਲੈਕਟ੍ਰਾਨਿਕ ਲੜੀਆਂ ਅਤੇ ਹੋਰ ਸਜਾਵਟੀ ਸਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ, ਉੱਥੇ ਹੀ ਮਿੱਟੀ ਦੇ ਰਵਾਇਤੀ ਦੀਵਿਆਂ ਦੀ ਮੰਗ ਵਿੱਚ ਵੀ ਮੁੜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਆਧੁਨਿਕਤਾ ਦੇ ਇਸ ਦੌਰ ਵਿੱਚ ਵੀ ਮਿੱਟੀ ਦੇ ਦੀਵੇ ਆਪਣੀ ਵਿਸ਼ੇਸ਼ ਪਛਾਣ ਅਤੇ ਸੱਭਿਆਚਾਰਕ ਮਹੱਤਤਾ ਕਰਕੇ ਲੋਕਾਂ ਦੀ ਪਹਿਲੀ ਪਸੰਦ ਬਣ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਮਿੱਟੀ ਦੇ ਦੀਵਿਆਂ ਨਾਲ ਦੀਵਾਲੀ ਮਨਾਉਣ ਦਾ ਆਪਣਾ ਵੱਖਰਾ ਆਨੰਦ ਹੈ, ਜੋ ਬਿਜਲੀ ਦੀਆਂ ਲੜੀਆਂ ਦੀ ਚਮਕ ਵਿੱਚ ਮਹਿਸੂਸ ਨਹੀਂ ਹੁੰਦਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿੱਟੀ ਦੇ ਦੀਵੇ ਅਤੇ ਹੋਰ ਰਵਾਇਤੀ ਵਸਤਾਂ ਬਣਾਉਣ ਵਾਲੇ ਕਾਰੀਗਰ ਪ੍ਰਜਾਪਤ ਚੇਤ ਰਾਮ, ਪ੍ਰਭੂ ਦਿਆਲ ਅਤੇ ਰਵੀ ਦਾਸ ਨੇ ਦੱਸਿਆ ਕਿ ਉਹ ਹਰ ਸਾਲ ਦੀਵਾਲੀ ਤੋਂ ਕਾਫ਼ੀ ਸਮਾਂ ਪਹਿਲਾਂ ਦੀਵੇ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਦਿਨਾਂ ਵਿੱਚ ਲੋਕਾਂ ਦੇ ਘਰਾਂ ਤੱਕ ਮਿੱਟੀ ਦੇ ਦੀਵੇ ਪਹੁੰਚਾਉਣਾ ਉਨ੍ਹਾਂ ਦੀ ਰਵਾਇਤ ਦਾ ਹਿੱਸਾ ਹੈ। ਇਸ ਤੋਂ ਇਲਾਵਾ ਵਰਤਾਂ ਅਤੇ ਹੋਰ ਧਾਰਮਿਕ ਮੌਕਿਆਂ ’ਤੇ ਕਰੂਏ, ਕੁੱਜੀਆਂ ਅਤੇ ਹੋਰ ਮਿੱਟੀ ਦੇ ਭਾਂਡੇ ਵੀ ਤਿਆਰ ਕੀਤੇ ਜਾਂਦੇ ਹਨ। ਕਾਰੀਗਰਾਂ ਨੇ ਦੱਸਿਆ ਕਿ ਮਿੱਟੀ ਦੇ ਦੀਵੇ ਬਣਾਉਣ ਦਾ ਕੰਮ ਬੇਹੱਦ ਮਿਹਨਤ ਅਤੇ ਸਮਾਂ ਮੰਗਦਾ ਹੈ। ਉਹ ਲਗਭਗ ਦੋ ਮਹੀਨੇ ਪਹਿਲਾਂ ਦੂਰ-ਦੁਰਾਡੇ ਥਾਵਾਂ ਅਤੇ ਡਰੇਨਾਂ ਆਦਿ ਤੋਂ ਮੁਸ਼ਕਲ ਨਾਲ ਮਿੱਟੀ ਲਿਆਉਂਦੇ ਹਨ। ਇਸ ਤੋਂ ਬਾਅਦ ਮਿੱਟੀ ਨੂੰ ਤਿਆਰ ਕਰਕੇ ਚੱਕ ਦੀ ਮਦਦ ਨਾਲ ਦੀਵੇ, ਘਰੂੰਡੀਆਂ, ਕਰੂਏ, ਮਿਸ਼ਾਲਾਂ ਅਤੇ ਹੋਰ ਵਸਤਾਂ ਬਣਾਈਆਂ ਜਾਂਦੀਆਂ ਹਨ। ਕਈ ਵਾਰ ਉਨ੍ਹਾਂ ਨੂੰ ਰਾਤ ਦੇਰ ਤੱਕ ਕੰਮ ਕਰਨਾ ਪੈਂਦਾ ਹੈ, ਤਾਂ ਜੋ ਦੀਵਾਲੀ ਤੋਂ ਪਹਿਲਾਂ ਲੋਕਾਂ ਦੀ ਮੰਗ ਅਨੁਸਾਰ ਸਮਾਨ ਤਿਆਰ ਕੀਤਾ ਜਾ ਸਕੇ। ਬਣਾਈਆਂ ਗਈਆਂ ਵਸਤਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਕਾਇਆ ਜਾਂਦਾ ਹੈ ਅਤੇ ਫਿਰ ਅੱਗ ਵਿੱਚ ਪਕਾ ਕੇ ਵਰਤੋਂ ਦੇ ਯੋਗ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਮਿੱਟੀ ਦੇ ਦੀਵੇ ਬੜੇ ਚਾਅ ਨਾਲ ਖ਼ਰੀਦਦੇ ਹਨ। ਪਿੰਡਾਂ ’ਚ ਬਣੇ ਇਨ੍ਹਾਂ ਦੀਵਿਆਂ ਨਾਲ ਲੋਕਾਂ ਦੀ ਸਾਂਝ, ਪਿਆਰ ਅਤੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਭਾਵਨਾ ਪ੍ਰਗਟ ਹੁੰਦੀ ਹੈ। ਦੀਵੇ ਖ਼ਰੀਦਣ ਆਉਣ ਵਾਲੇ ਲੋਕ ਸ਼ਗਨ ਵਜੋਂ ਕਣਕ ਅਤੇ ਹੋਰ ਅਨਾਜ ਵੀ ਦਿੰਦੇ ਹਨ, ਜਿਸ ਨਾਲ ਪੁਰਾਣੀਆਂ ਰਵਾਇਤਾਂ ਅਤੇ ਆਪਸੀ ਸਾਂਝ ਕਾਇਮ ਰਹਿੰਦੀ ਹੈ। ਕਾਰੀਗਰਾਂ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਮਿੱਟੀ ਦੇ ਦੀਵਿਆਂ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਰੌਸ਼ਨੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਹ ਰਵਾਇਤ ਸਾਡੇ ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਕ ਵਿਰਸੇ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਦੀਵੇ ਬਣਾਉਣ ਦਾ ਕੰਮ ਉਨ੍ਹਾਂ ਲਈ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਹੀ ਨਹੀਂ, ਸਗੋਂ ਪੀੜ੍ਹੀਆਂ ਤੋਂ ਚੱਲੀ ਆ ਰਹੀ ਕਲਾ ਨੂੰ ਜਿਊਂਦਾ ਰੱਖਣ ਦਾ ਜ਼ਰੀਆ ਵੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਖ਼ਰੀਦ ਕੇ ਰਵਾਇਤੀ ਕਾਰੀਗਰਾਂ ਦੀ ਹੌਸਲਾ-ਅਫ਼ਜ਼ਾਈ ਕਰਨ, ਤਾਂ ਜੋ ਇਹ ਪੁਰਾਤਨ ਕਲਾ ਅਤੇ ਸੱਭਿਆਚਾਰਕ ਵਿਰਸਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੁਰੱਖਿਅਤ ਰਹਿ ਸਕੇ।