- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਗਸੀਪਾ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਕੋਟਕਪੂਰਾ ਵਿਖੇ ਇਕ ਦਿਨਾਂ ਵਰਕਸ਼ਾਪ ਆਯੋਜਿਤ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਮਗਸੀਪਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ, ਫ਼ਰੀਦਕੋਟ ਦੇ ਸਹਿਯੋਗ ਨਾਲ ਸਰਕਾਰੀ ਬਹੁਤਕਨੀਕੀ ਕਾਲਜ, ਦੇਵੀ ਵਾਲਾ ਰੋਡ, ਕੋਟਕਪੂਰਾ (ਜ਼ਿਲ੍ਹਾ ਫ਼ਰੀਦਕੋਟ) ਵਿਖੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐਮਐਸਐਮਈ) ਦੇ ਮਜ਼ਬੂਤੀਕਰਨ ਅਤੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਦੀ ‘ਰੇਜ਼ਿੰਗ ਐਂਡ ਐਕਸੇਲਰੇਟਿੰਗ ਐਮਐਸਐਮਈ ਪਰਫਾਰਮੈਂਸ (ਰੈਂਪ)’ ਸਕੀਮ ਅਧੀਨ ਉਦਯੋਗਿਕ ਪ੍ਰਸਾਰ ਲਈ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ 100 ਤੋਂ ਵੱਧ ਉਦਮੀਆਂ ਨੇ ਸਰਗਰਮ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਫ਼ਰੀਦਕੋਟ ਦੇ ਜਨਰਲ ਮੈਨੇਜਰ ਸ੍ਰੀ ਸੁਖਮਿੰਦਰ ਸਿੰਘ ਰੇਖੀ ਨੇ ਵਰਕਸ਼ਾਪ ਦੇ ਉਦੇਸ਼ ਅਤੇ ਇਸ ਨਾਲ ਜੁੜੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਉਦਮੀਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਉਦਯੋਗਿਕ ਸਕੀਮਾਂ ਬਾਰੇ ਜਾਣੂ ਕਰਵਾਇਆ। ਵਰਕਸ਼ਾਪ ਦੌਰਾਨ ਡਾ. ਮੀਨੂੰ ਧਿਮਾਨ (ਮਗਸੀਪਾ) ਵੱਲੋਂ ਐਮਐਸਐਮਈ ਇਕਾਈਆਂ ਲਈ ਮਾਰਕਿਟਿੰਗ ਅਤੇ ਬ੍ਰਾਂਡਿੰਗ ਦੇ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ ਗਏ। ਉਨ੍ਹਾਂ ਨੇ ਰੈਂਪ ਸਕੀਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਮਐਸਐਮਈ ਖੇਤਰ ਲਈ ਉਪਲਬਧ ਵੱਖ-ਵੱਖ ਵਿੱਤੀ ਅਤੇ ਤਕਨੀਕੀ ਸਹੂਲਤਾਂ ’ਤੇ ਰੌਸ਼ਨੀ ਪਾਈ। ਸ੍ਰੀ ਤਰੁਨ ਬੈਨਰਜੀ, ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵੱਲੋਂ ਉਦਮੀਆਂ ਨੂੰ ਆਪਣੇ ਉਦਯੋਗਿਕ ਕਾਰਜਾਂ ਨੂੰ ਵਧੀਆ ਅਤੇ ਨਵੇਂ ਤਰੀਕਿਆਂ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋ. ਏ.ਕੇ. ਵਸ਼ਿਸ਼ਠ ਵੱਲੋਂ ਐਮਐਸਐਮਈ ਇਕਾਈਆਂ ਲਈ ਅਕਾਊਟਿੰਗ ਅਤੇ ਫਾਇਨੈਂਸ ਦੇ ਬੁਨਿਆਦੀ ਤੱਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਵਰਕਸ਼ਾਪ ਦੌਰਾਨ ਉਦਮੀਆਂ ਨੂੰ ਆਪਣੀਆਂ ਇਕਾਈਆਂ ਵਿੱਚ ਊਰਜਾ ਕੁਸ਼ਲਤਾ ਸਬੰਧੀ ਯੋਗ ਉਪਰਾਲੇ ਕਰਨ ਲਈ ਉਤਸਾਹਿਤ ਕੀਤਾ ਗਿਆ। ਉਦਮੀਆਂ ਵੱਲੋਂ ਉਦਯੋਗ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਮਾਰਕੀਟਿੰਗ, ਊਰਜਾ ਕੁਸ਼ਲਤਾ, ਜੈਡ ਸਕੀਮ, ਕਲਸਟਰ ਡਿਵੈਲਪਮੈਂਟ ਆਦਿ ਬਾਰੇ ਮਗਸੀਪਾ ਟੀਮ ਨਾਲ ਤਕਨੀਕੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਦੀਪ ਗੁਪਤਾ (ਭੱਠਾ ਐਸੋਸੀਏਸ਼ਨ) ਵੱਲੋਂ ਦੱਸਿਆ ਗਿਆ ਕਿ ਪੈਡੀ ਸਟਬਲ ਤੋਂ ਪੈਲਟਸ ਤਿਆਰ ਕਰਨ ਵਾਲੇ ਯੂਨਿਟਸ ਨੂੰ ਇਕ ਕਲਸਟਰ ਵਜੋਂ ਸਥਾਪਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਵੇਦ ਪ੍ਰਕਾਸ਼, ਪ੍ਰਧਾਨ, ਪੰਜਾਬੀ ਜੁੱਤੀ ਕਲਸਟਰ, ਕੋਟਕਪੂਰਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੁੱਤੀ ਕਲਸਟਰ ਲਈ ਲੋੜੀਂਦੀ ਮਸ਼ੀਨਰੀ ਪਹੁੰਚ ਚੁੱਕੀ ਹੈ ਅਤੇ ਜਲਦ ਹੀ ਮਸ਼ੀਨਾਂ ਇੰਸਟਾਲ ਕਰਕੇ ਉਤਪਾਦਨ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਕਾਰੀਗਰਾਂ ਨੂੰ ਵੱਡਾ ਲਾਭ ਮਿਲੇਗਾ। ਸ੍ਰੀ ਕੁਲਵੰਤ ਬਰਾੜ, ਡੀ.ਆਰ.ਪੀ. ਵੱਲੋਂ ਪੀ.ਐਮ.ਐਫ.ਐਮ.ਈ. ਸਕੀਮ ਬਾਰੇ ਦੱਸਿਆ ਗਿਆ ਕਿ ਇਸ ਤਹਿਤ ਫੂਡ ਪ੍ਰੋਸੈਸਿੰਗ ਨਾਲ ਸੰਬੰਧਿਤ ਛੋਟੇ ਅਤੇ ਵੱਡੇ ਯੂਨਿਟ ਸਥਾਪਿਤ ਕਰਨ ਲਈ ਵਿਅਕਤੀਗਤ ਇਕਾਈ ਨੂੰ 35% ਸਬਸਿਡੀ (ਵੱਧ ਤੋਂ ਵੱਧ 10 ਲੱਖ ਰੁਪਏ ਤੱਕ) ਅਤੇ ਸਾਂਝੇ ਬੁਨਿਆਦੀ ਢਾਂਚੇ ਲਈ 35% ਸਬਸਿਡੀ (ਵੱਧ ਤੋਂ ਵੱਧ 3 ਕਰੋੜ ਰੁਪਏ ਤੱਕ) ਮੁਹੱਈਆ ਕਰਵਾਈ ਜਾ ਰਹੀ ਹੈ। ਵਰਕਸ਼ਾਪ ਵਿੱਚ ਜ਼ਿਲ੍ਹਾ ਲੀਡ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਫ਼ਰੀਦਕੋਟ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਫ਼ਰੀਦਕੋਟ, ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਆਰ.ਐਸ.ਈ.ਟੀ.ਆਈ. ਦੇ ਨੁਮਾਇੰਦੇ, ਉਦਯੋਗਿਕ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਜ਼ਿਲ੍ਹੇ ਦੇ ਵੱਖ-ਵੱਖ ਉਦਮੀਆਂ ਨੇ ਭਾਗ ਲਿਆ। ਇਹ ਵਰਕਸ਼ਾਪ ਉਦਯੋਗਿਕ ਪ੍ਰਸਾਰ ਅਤੇ ਐਮਐਸਐਮਈ ਖੇਤਰ ਦੀ ਸਮਰੱਥਾ ਨਿਰਮਾਣ ਵੱਲ ਇਕ ਮਹੱਤਵਪੂਰਣ ਕਦਮ ਸਾਬਤ ਹੋਈ, ਜਿਸ ਵਿੱਚ ਉਦਮੀਆਂ ਵੱਲੋਂ ਭਰਪੂਰ ਉਤਸਾਹ ਦਿਖਾਇਆ ਗਿਆ।