ਚੇਤਨਾ ਪ੍ਰੀਖਿਆ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਇਆ ਸਨਮਾਨ
ਚੇਤਨਾ ਪ੍ਰੀਖਿਆ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਇਆ ਸਨਮਾਨ
Publish Date: Sun, 15 Feb 2026 03:46 PM (IST)
Updated Date: Mon, 16 Feb 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਸਰਕਾਰੀ ਸੀਨੀਅਰ ਸਕੂਲ (ਲੜਕੇ) ਦੇ ਪ੍ਰਿੰਸੀਪਲ ਦੀਪਕ ਸਿੰਘ ਤੇ ਲੈਕਚਰਾਰ ਪਰਮਿੰਦਰ ਕੌਰ ਦੀ ਅਗਵਾਈ ਵਿੱਚ ਵਿਦਿਆਰਥੀ ਸਨਮਾਨ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਗਈ ਰਾਜ ਪੱਧਰੀ ਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਸਮਾਗਮ ਵਿੱਚ ਬੋਲਦਿਆਂ ਸੁਸਾਇਟੀ ਦੇ ਆਗੂਆਂ ਰਾਮ ਸਵਰਨ ਲੱਖੇਵਾਲੀ ਤੇ ਕੁਲਦੀਪ ਮਾਣੂੰਕੇ ਨੇ ਆਖਿਆ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਹਰੇਕ ਸਾਲ ਲਈ ਜਾਂਦੀ ਚੇਤਨਾ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਗਿਆਨ, ਚੇਤਨਾ ਤੇ ਦੇਸ਼ ਭਗਤਾਂ ਦੀਆਂ ਸੋਚਾਂ ਤੇ ਸੁਪਨਿਆਂ ਨਾਲ ਜੋੜਨਾ ਹੈ।ਉਨ੍ਹਾਂ ਸਪੱਸ਼ਟ ਕੀਤਾ ਅੰਧਵਿਸ਼ਵਾਸ, ਵਹਿਮ ਭਰਮ ਤੇ ਅਗਿਆਨਤਾ ਸਾਡੇ ਭਵਿੱਖ ਨੂੰ ਹਨੇਰੇ ਵੱਲ ਤੋਰਦੇ ਹਨ। ਜਦਕਿ ਤਰਕਸ਼ੀਲ ਚੇਤਨਾ ਸੂਝ, ਸਿਆਣਪ, ਦਲੀਲ ਤੇ ਆਸ ਉਮੀਦ ਨਾਲ ਚੰਗੇਰੇ ਭਵਿੱਖ ਦਾ ਰਾਹ ਰੌਸ਼ਨ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਤੇ ਸਫਲਤਾ ਹਾਸਲ ਕਰਨ ਤਰਕਸ਼ੀਲ ਸੋਚ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਸਕੂਲ ਦੇ ਮਰਹੂਮ ਪ੍ਰਿੰਸੀਪਲ ਮਹਿੰਦਰ ਪਾਲ ਸਿੰਘ ਵੱਲੋਂ ਵਿਦਿਆਰਥੀ ਚੇਤਨਾ ਤੇ ਪੁਸਤਕ ਸੱਭਿਆਚਾਰ ਲਈ ਜੁਟਾਏ ਯਤਨਾਂ ਨੂੰ ਸਲਾਮ ਕਰਦਿਆਂ ਸਮਾਜ ਦੇ ਭਲੇ ਲਈ ਅਜਿਹੀ ਸੋਚ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਪ੍ਰੇਰਿਆ। ਸਮਾਗਮ ਦੌਰਾਨ ਸਾਰੇ ਵਿਦਿਆਰਥੀਆਂ ਦਾ ਸਰਟੀਫਿਕੇਟ ਸੌਂਪ ਕੇ ਸਨਮਾਨ ਕੀਤਾ ਗਿਆ।ਸਮਾਗਮ ਵਿੱਚ ਪਰਵੀਨ, ਨਿੰਮੀ ਧੁੰਨਾ, ਰਾਜਪਾਲ ਕੌਰ, ਸੰਗੀਤਾ ਰਾਣੀ, ਪ੍ਰੀਤੀ ਬਾਲਾ, ਰਜਨੀ ਦੇਵੀ ਤੇ ਸੁਖਜਿੰਦਰ ਸਿੰਘ ਆਦਿ ਲੈਕਚਰਾਰ ਤੇ ਅਧਿਆਪਕਾਂ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ।