‘ਮੇਰਾ ਯੁਵਾ ਭਾਰਤ’ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ ‘ਮੇਰਾ ਯੁਵਾ ਭਾਰਤ’ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਆਯੋਜਿਤ
Publish Date: Fri, 24 Jul 2026 04:06 PM (IST)
Updated Date: Fri, 24 Jul 2026 04:07 PM (IST)
- ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ, ਸਮਾਜ ਸੇਵਾ ਅਤੇ ਹੁਨਰ ਵਿਕਾਸ ਦੀਆਂ ਸਰਗਰਮੀਆਂ ਨਾਲ ਜੋੜਨ ਲਈ ਸਾਂਝੇ ਉਪਰਾਲਿਆਂ ’ਤੇ ਦਿੱਤਾ ਜ਼ੋਰ ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ‘ਮੇਰਾ ਯੁਵਾ ਭਾਰਤ’ (ਐੱਮਵਾਈ ਭਾਰਤ) ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਰੀਦਕੋਟ ਵਿਖੇ ਐੱਸਡੀਐੱਮ ਫ਼ਰੀਦਕੋਟ ਪੁਨੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ‘ਮੇਰਾ ਯੁਵਾ ਭਾਰਤ’ ਨਾਲ ਜੋੜਨ, ਉਨ੍ਹਾਂ ਨੂੰ ਸਮਾਜ ਸੇਵਾ, ਰਾਸ਼ਟਰ ਨਿਰਮਾਣ, ਹੁਨਰ ਵਿਕਾਸ, ਸਵੈ-ਸੇਵਾ, ਵਾਤਾਵਰਨ ਸੰਭਾਲ, ਖੇਡਾਂ ਅਤੇ ਜਨ ਭਲਾਈ ਦੀਆਂ ਸਰਗਰਮੀਆਂ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਯੁਵਾ ਅਫ਼ਸਰ ਮੈਡਮ ਤਨਵੀ ਵੱਲੋਂ ‘ਮੇਰਾ ਯੁਵਾ ਭਾਰਤ’ ਦੇ ਉਦੇਸ਼ਾਂ, ਜ਼ਿਲ੍ਹੇ ਵਿੱਚ ਚੱਲ ਰਹੀਆਂ ਸਰਗਰਮੀਆਂ ਅਤੇ ਭਵਿੱਖ ਦੀ ਕਾਰਜ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਦੀ ਊਰਜਾ ਅਤੇ ਯੋਗਤਾਵਾਂ ਨੂੰ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਸਕਾਰਾਤਮਕ ਦਿਸ਼ਾ ਵਿੱਚ ਵਰਤਣਾ ਹੈ। ਇਸ ਮੌਕੇ ਐੱਸਡੀਐੱਮ ਪੁਨੀਤ ਸ਼ਰਮਾ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਸਮਾਜ ਵਿੱਚ ਸਾਰਥਕ ਬਦਲਾਅ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸਬੰਧਿਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਵੱਧ ਤੋਂ ਵੱਧ ਨੌਜਵਾਨਾਂ ਨੂੰ ‘ਮੇਰਾ ਯੁਵਾ ਭਾਰਤ’ ਪੋਰਟਲ ਨਾਲ ਜੋੜਨ ਅਤੇ ਵਲੰਟੀਅਰ ਵਜੋਂ ਰਜਿਸਟਰ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਨਹਿਰੂ ਯੁਵਾ ਕੇਂਦਰ, ਐੱਨਐੱਸਐੱਸ, ਐੱਨਸੀਸੀ ਅਤੇ ਹੋਰ ਯੁਵਾ ਸੰਸਥਾਵਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ ਤਾਂ ਜੋ ਨੌਜਵਾਨਾਂ ਨੂੰ ਖੂਨਦਾਨ ਕੈਂਪਾਂ, ਰੁੱਖ ਲਗਾਉਣ, ਸਫ਼ਾਈ ਮੁਹਿੰਮਾਂ, ਨਸ਼ਾ ਮੁਕਤੀ, ਵੋਟਰ ਜਾਗਰੂਕਤਾ, ਸਿਹਤ ਜਾਗਰੂਕਤਾ, ਆਫ਼ਤ ਪ੍ਰਬੰਧਨ, ਖੇਡਾਂ ਅਤੇ ਹੋਰ ਸਮਾਜ ਸੇਵਾ ਦੀਆਂ ਸਰਗਰਮੀਆਂ ਵਿੱਚ ਸਰਗਰਮ ਤੌਰ ’ਤੇ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਾਂਝੇ ਤੌਰ ’ਤੇ ਵਿਸ਼ੇਸ਼ ਮੁਹਿੰਮਾਂ ਚਲਾਉਣ ਅਤੇ ਹਰ ਵਿਭਾਗ ਨੂੰ ਆਪਣੀ ਕਾਰਜ ਯੋਜਨਾ ਅਨੁਸਾਰ ਨੌਜਵਾਨਾਂ ਨੂੰ ਸਮਾਜਿਕ ਸਰਗਰਮੀਆਂ ਨਾਲ ਜੋੜਨ ਦੀ ਹਦਾਇਤ ਕੀਤੀ। ਮੀਟਿੰਗ ਦੇ ਅਖੀਰ ਵਿੱਚ ਐੱਸਡੀਐੱਮ ਪੁਨੀਤ ਸ਼ਰਮਾ ਨੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ‘ਮੇਰਾ ਯੁਵਾ ਭਾਰਤ’ ਤਹਿਤ ਉਲੀਕੀਆਂ ਜਾਣ ਵਾਲੀਆਂ ਸਰਗਰਮੀਆਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਇਸ ਮੌਕੇ ਮਨਜੀਤ ਸਿੰਘ ਭੁੱਲਰ ਲੇਖਾ ਅਤੇ ਪ੍ਰੋਗਰਾਮ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫਸਰ ਅੰਜਨਾ ਕੌਸ਼ਲ, ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਅਤੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰ ਹਾਜ਼ਰ ਸਨ।