- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦਾ ਸ਼ਰਧਾਂਜਲੀ ਸਮਾਗਮ ਮਨਾਉਣ ਸਬੰਧੀ ਮੀਟਿੰਗ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਅੱਜ ਸੇਵੇਵਾਲਾ ਕਾਂਡ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ 9 ਅਪ੍ਰੈਲ 2026, ਦਿਨ ਵੀਰਵਾਰ ਨੂੰ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦਾ ਸ਼ਰਧਾਂਜਲੀ ਸਮਾਗਮ ਮਨਾਉਣ ਸਬੰਧੀ ਜੈਤੋ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕਮੇਟੀ ਦੀ ਕਰਨਵੀਨਰ ਹਰਿੰਦਰ ਬਿੰਦੂ ਤੋਂ ਇਲਾਵਾ ਗਗਨਦੀਪ ਦਬੜ੍ਹੀਖਾਨਾ, ਗੁਰਪਾਲ ਸਿੰਘ ਨੰਗਲ, ਰਵਿੰਦਰ ਸੇਵੇਵਾਲਾ ਅਤੇ ਹਰਬੰਸ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਤੋਂ ਸਾਢੇ ਤਿੰਨ ਦਹਾਕੇ ਪਹਿਲਾਂ 9 ਅਪ੍ਰੈਲ 1991 ਨੂੰ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੀ ਮਜ਼ਦੂਰ ਧਰਮਸ਼ਾਲਾ ਵਿੱਚ ਜ਼ਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੇ ਸਮਾਗਮ ਉੱਤੇ ਫਿਰਕੂ ਦਹਿਸ਼ਤਗਰਦਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰੰਟ ਦੇ ਆਗੂ ਮੇਘਰਾਜ ਭਗਤੂਆਣਾ, ਜਗਪਾਲ ਸੇਲਬਰਾਹ, ਗੁਰਜੰਟ ਸਿੰਘ ਢਿੱਲਵਾਂ ਅਤੇ ਮਾਤਾ ਸਦਾ ਕੌਰ ਸਮੇਤ 18 ਸਾਥੀਆਂ ਨੂੰ ਸ਼ਹੀਦ ਕੀਤਾ ਅਤੇ 22 ਸਾਥੀਆਂ ਨੂੰ ਜ਼ਖਮੀ ਕੀਤਾ। ਉਨ੍ਹਾਂ ਕਿਹਾ ਕਿ ਉਹ ਦੌਰ ਸੀ ਜਦੋਂ ਇੱਕ ਪਾਸੇ ਫਿਰਕੂ ਦਹਿਸ਼ਤਗਰਦਾਂ ਨੇ ਪੰਜਾਬ ਅੰਦਰ ਫਿਰਕੂ ਮੁਹਿੰਮ ਚਲਾਈ ਹੋਈ ਸੀ ਅਤੇ ਦੂਜੇ ਪਾਸੇ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਸਨ। ਫ਼ਰੰਟ ਇਹਨਾਂ ਦੋਹਾਂ ਕਿਸਮਾਂ ਦਾ ਵਿਰੋਧ ਕਰਦਾ ਸੀ। ਉਸ ਸਮੇਂ ਦੀ ਹਕੂਮਤ ਇਸ ਫਿਰਕਾਪ੍ਰਸਤੀ ਦਾ ਲਾਹਾ ਲੈ ਕੇ ਆਪਣੇ ਰਾਜ ਭਾਗ ਦੀ ਉਮਰ ਲੰਮੇਰੀ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਫਿਰਕੂ ਦਹਿਸ਼ਤਗਰਦਾਂ ਵੱਲੋਂ ਲੋਕਾਂ ਉੱਪਰ ਪਾਬੰਦੀਆਂ ਮੜੀਆਂ ਜਾ ਰਹੀਆਂ ਸਨ। ਹਰ ਤਰ੍ਹਾਂ ਦੀ ਹੱਕੀ ਅਤੇ ਜਮਹੂਰੀ ਆਵਾਜ਼ ਨੂੰ ਹਥਿਆਰਾਂ ਦੇ ਜ਼ੋਰ ’ਤੇ ਦਬਾਇਆ ਜਾ ਰਿਹਾ ਸੀ। ਉਸ ਸਮੇਂ ਲੋਕਾਂ ਦੇ ਹੱਕੀ ਮਸਲੇ ਰੁਲਦੇ ਰਹੇ। ਉਨ੍ਹਾਂ ਕਿਹਾ ਕਿ ਸ਼ਾਇਦ ਫਿਰਕੂ ਦਹਿਸ਼ਤਗਰਦਾਂ ਵੱਲੋਂ ਇਹ ਭਰਮ ਪਾਲਿਆ ਗਿਆ ਸੀ ਇਸ ਘਟਨਾ ਤੋਂ ਬਾਅਦ ਕੋਈ ਵੀ ਫਿਰਕਾਪ੍ਰਸਤੀ ਜਬਰ ਦੇ ਖ਼ਿਲਾਫ਼ ਕੋਈ ਆਵਾਜ਼ ਬੁਲੰਦ ਨਹੀਂ ਕਰੇਗਾ। ਪਰ ਅੱਜ ਉਹਨਾਂ ਸ਼ਹੀਦਾਂ ਦੀ ਆਵਾਜ਼ ਕਿਸਾਨਾਂ, ਮਜ਼ਦੂਰਾਂ, ਆਸ਼ਾ ਵਰਕਰਾਂ, ਮਿਡ-ਡੇ-ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ, ਕਿਸਾਨ-ਮਜ਼ਦੂਰ, ਔਰਤਾਂ, ਵਿਦਿਆਰਥੀਆਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਸਨਅਤੀ ਕਾਮਿਆਂ ਦੇ ਹੱਕੀ ਸੰਘਰਸ਼ਾਂ ਵਿੱਚ ਗੂੰਜਦੀ ਹੈ। ਉਨ੍ਹਾਂ ਕਿਹਾ ਕਿ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅੱਜ ਮੋਦੀ ਸਰਕਾਰ ਵੱਲੋਂ ਫ਼ੈਲਾਈ ਜਾ ਰਹੀ ਫਿਰਕਾਪ੍ਰਸਤੀ ਅਤੇ ਝੂਠੇ ਰਾਸ਼ਟਰਵਾਦ ਦਾ ਵਿਰੋਧ ਕੀਤਾ ਜਾਵੇ। ਸਾਮਰਾਜ ਅਤੇ ਉਸਦੇ ਜੋਟੀਦਾਰਾਂ ਨੂੰ ਮੁਲਕ ਵਿੱਚੋਂ ਬਾਹਰ ਕੱਢਿਆ ਜਾਵੇ। ਸਾਂਝੇ ਘੋਲ੍ਹਾਂ ਦਾ ਪੈੜਾ ਮਜ਼ਬੂਤ ਕੀਤਾ ਜਾਵੇ ਤਾਂ ਸ਼ਹੀਦਾਂ ਦੇ ਸੁਪਨਿਆਂ ਵਾਲਾ ਸਮਾਜ ਸਿਰਜਿਆ ਜਾ ਸਕੇ। ਅਖੀਰ ਵਿੱਚ ਉਹਨਾਂ ਨੇ ਸਭਨਾਂ ਲੋਕਾਂ ਨੂੰ 9 ਅਪ੍ਰੈਲ 2026, ਦਿਨ ਵੀਰਵਾਰ ਨੂੰ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਵਿਖੇ ਪਹੁੰਚਣ ਦਾ ਸੱਦਾ ਦਿੱਤਾ।