ਜ਼ਿਲ੍ਹਾ ਟਰੇਡਰ ਕਮਿਸ਼ਨ ਦੀ ਮੀਟਿੰਗ ਸਬੰਧੀ ਕੀਤੀ ਚਰਚਾ
ਜਿਲ੍ਹਾ ਟਰੇਡਰ ਕਮਿਸ਼ਨ ਦੀ ਮੀਟਿੰਗ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੈਠਕ ਆਯੋਜਿਤ
Publish Date: Mon, 16 Feb 2026 03:35 PM (IST)
Updated Date: Tue, 17 Feb 2026 04:00 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਲਕੇ ਪੁਰਾਣੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਹੋਣ ਵਾਲੀ ਜਿਲ੍ਹਾ ਟਰੇਡਰ ਕਮਿਸ਼ਨ ਦੀ ਮੀਟਿੰਗ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜਿਲ੍ਹਾ ਟਰੇਡਰ ਕਮੇਟੀ ਦੀ ਮੀਟਿੰਗ ਸਹਾਇਕ ਕਮਿਸ਼ਨਰ ਗੁਰਕਿਰਨਦੀਪ ਸਿੰਘ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਕਪਤਾਨ ਪੁਲਿਸ (ਹੈਡਕੁਆਰਟਰ) ਫ਼ਰੀਦਕੋਟ, ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਕਿਰਤ ਤੇ ਸੁਲਾਹ ਅਫ਼ਸਰ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਅਤੇ ਸਹਾਇਕ ਕਮਿਸ਼ਨਰ ਰਾਜ ਕਰ ਫ਼ਰੀਦਕੋਟ ਸਮੇਤ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਰਹੇ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜ) ਫ਼ਰੀਦਕੋਟ ਗੁਰਕਿਰਨਦੀਪ ਸਿੰਘ ਨੇ ਦੱਸਿਆ ਕਿ ਭਲਕੇ ਦੁਪਹਿਰ 2:00 ਤੋਂ ਸ਼ਾਮ 5:00 ਵਜੇ ਤੱਕ ਪੁਰਾਣੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਜਿਲ੍ਹਾ ਟਰੇਡਰ ਕਮਿਸ਼ਨ ਦੀ ਮੀਟਿੰਗ ਸ਼੍ਰੀ ਨਰੇਸ਼ ਕੁਮਾਰ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਣੀ ਨਿਸ਼ਚਿਤ ਹੈ, ਜਿਸ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਹਲਕਾ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਹਲਕਾ ਜੈਤੋ ਸ. ਅਮੋਲਕ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਲਗਭਗ 500 ਦੇ ਕਰੀਬ ਵਪਾਰੀ ਅਤੇ ਆਮ ਲੋਕ ਸ਼ਾਮਲ ਹੋਣਗੇ ਅਤੇ ਵਪਾਰੀਆਂ/ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ’ਤੇ ਹੀ ਕੀਤਾ ਜਾਵੇਗਾ। ਉਨ੍ਹਾਂ ਮੀਟਿੰਗ ਦੀ ਸਫਲਤਾ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।