ਬੱਚਿਆਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਆਰੰਭ 20 ਤੋਂ 25 ਜੁਲਾਈ ਤੱਕ ਜ਼ਿਲ੍ਹੇ ਭਰ ਵਿੱਚ ਚੱਲੇਗੀ ਖਸਰਾ-ਰੁਬੈਲਾ ਵਿਸ਼ੇਸ਼ ਟੀਕਾਕਰਨ ਮੁਹਿੰਮ - ਸਿਵਲ ਸਰਜਨ
Publish Date: Mon, 20 Jul 2026 04:14 PM (IST)
Updated Date: Mon, 20 Jul 2026 04:16 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਤੋਂ 25 ਜੁਲਾਈ 2026 ਤੱਕ ਸੂਬਾ ਪੱਧਰ ਤੇ ਖਸਰਾ-ਰੁਬੈਲਾ ਵਿਸ਼ੇਸ਼ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਖਸਰਾ-ਰੁਬੈਲਾ ਦੇ ਪਹਿਲੇ ਅਤੇ ਦੂਜੇ ਟੀਕੇ ਦੀ ਕਵਰੇਜ ਵਿੱਚ ਵਾਧਾ ਕਰਨਾ, ਟੀਕਾਕਰਨ ਤੋਂ ਵਾਂਝੇ ਰਹਿ ਗਏ ਅਤੇ ਟੀਕਾਕਰਨ ਦਾ ਕੋਰਸ ਅਧੂਰਾ ਰਹਿ ਗਏ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਮੁਕੰਮਲ ਕਰਨਾ ਹੈ। ਇਸ ਮੁਹਿੰਮ ਦੀ ਅੱਜ ਸਿਵਲ ਹਸਪਤਾਲ ਫਰੀਦਕੋਟ ਦੇ ਟੀਕਾਕਰਨ ਕੇਂਦਰ ਵਿਖੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹੁਸਨਪਾਲ ਸਿੱਧੂ ਦੀ ਅਗਵਾਈ ਹੇਠ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ, ਸੀਨੀਅਰ ਮੈਡੀਕਲ ਅਫ਼ਸਰ ਡਾ. ਪੁਨੀਤ ਕਾਜਲ, ਸੀਨੀਅਰ ਫਾਰਮੇਸੀ ਅਫ਼ਸਰ ਸੁਨੀਲ ਸਿੰਗਲਾ ਸਮੇਤ ਹੋਰ ਡਾਕਟਰ, ਪੈਰਾਮੈਡੀਕਲ ਸਟਾਫ਼ ਅਤੇ ਟੀਕਾਕਰਨ ਟੀਮਾਂ ਹਾਜ਼ਰ ਸਨ।ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਦੱਸਿਆ ਕਿ ਖਸਰਾ-ਰੁਬੈਲਾ ਦਾ ਪਹਿਲਾ ਟੀਕਾ ਬੱਚੇ ਦੇ 9 ਮਹੀਨੇ ਦੀ ਉਮਰ ਪੂਰੀ ਹੋਣ ਤੋਂ ਬਾਅਦ ਅਤੇ ਦੂਜਾ ਟੀਕਾ 16 ਤੋਂ 24 ਮਹੀਨੇ ਦੀ ਉਮਰ ਵਿੱਚ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਦਾ ਕੋਈ ਵੀ ਟੀਕਾ ਰਹਿ ਗਿਆ ਹੈ ਜਾਂ ਟੀਕਾਕਰਨ ਦਾ ਕੋਰਸ ਅਧੂਰਾ ਹੈ, ਉਨ੍ਹਾਂ ਨੂੰ ਇਸ ਵਿਸ਼ੇਸ਼ ਮੁਹਿੰਮ ਦੌਰਾਨ ਮੁਫ਼ਤ ਟੀਕੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਖਸਰਾ ਇੱਕ ਬਹੁਤ ਹੀ ਛੂਤ ਦੀ ਬਿਮਾਰੀ ਹੈ, ਜਿਸ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਸਮੇਂ ਸਿਰ ਟੀਕਾਕਰਨ ਹੈਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹੁਸਨਪਾਲ ਸਿੱਧੂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਪਹਿਲਾ ਟੀਕਾ ਲਗਵਾਉਣ ਤੋਂ ਬਾਅਦ ਦੂਜਾ ਟੀਕਾ ਨਾ ਲਗਵਾ ਸਕੇ ਬੱਚਿਆਂ ਦੀ ਵਿਸ਼ੇਸ਼ ਪਛਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇੱਟ-ਭੱਠਿਆਂ, ਪਰਵਾਸੀ ਮਜ਼ਦੂਰਾਂ ਦੀਆਂ ਬਸਤੀਆਂ, ਉਸਾਰੀ ਅਧੀਨ ਇਮਾਰਤਾਂ, ਸ਼ਹਿਰੀ ਝੁੱਗੀ-ਝੌਂਪੜੀਆਂ, ਸਰਹੱਦੀ ਅਤੇ ਦੂਰ-ਦੁਰਾਡੇ ਖੇਤਰਾਂ ਸਮੇਤ ਅਜਿਹੇ ਇਲਾਕਿਆਂ, ਜਿੱਥੇ ਟੀਕਾਕਰਨ ਦੀ ਪਹੁੰਚ ਘੱਟ ਰਹੀ ਹੈ, ਉੱਥੇ ਵਿਸ਼ੇਸ਼ ਟੀਕਾਕਰਨ ਸੈਸ਼ਨ ਲਗਾ ਕੇ ਹਰ ਯੋਗ ਬੱਚੇ ਤੱਕ ਟੀਕੇ ਪਹੁੰਚਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਯੋਗ ਬੱਚਿਆਂ ਦੀ ਪਛਾਣ ਕੀਤੀ ਜਾਵੇਗੀ। ਟੀਕਾਕਰਨ ਲਈ ਲੋੜੀਂਦੀਆਂ ਵੈਕਸੀਨਾਂ, ਸਿਰਿੰਜਾਂ, ਕੋਲਡ ਚੇਨ ਅਤੇ ਹੋਰ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਹਨ ਅਤੇ ਮੁਹਿੰਮ ਦੀ ਰੋਜ਼ਾਨਾ ਸਮੀਖਿਆ ਵੀ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਯੋਗ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ । ਸਿਹਤ ਵਿਭਾਗ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ 9 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਬੱਚੇ ਨੂੰ ਖਸਰਾ-ਰੁਬੈਲਾ ਦਾ ਪਹਿਲਾ ਟੀਕਾ ਜਾਂ 16 ਤੋਂ 24 ਮਹੀਨੇ ਦੀ ਉਮਰ ਵਿੱਚ ਦੂਜਾ ਟੀਕਾ ਨਹੀਂ ਲੱਗਿਆ, ਤਾਂ ਉਹ 20 ਤੋਂ 25 ਜੁਲਾਈ ਤੱਕ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਜਾਂ ਟੀਕਾਕਰਨ ਕੇਂਦਰ ਵਿਖੇ ਪਹੁੰਚ ਕੇ ਆਪਣੇ ਬੱਚੇ ਦਾ ਮੁਫ਼ਤ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਖਸਰੇ ਵਰਗੀ ਗੰਭੀਰ ਬਿਮਾਰੀ ਤੋਂ ਆਪਣੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ।