ਬੈਡਮਿੰਟਨ ਟੂਰਨਾਮੈਂਟ ਦਾ ਬੈਨਰ ਰਿਲੀਜ਼
ਫਰੀਦਕੋਟ ‘ਚ ਪਹਿਲੀ ਵਾਰ 06 ਤੋਂ 09 ਫਰਵਰੀ ਤੱਕ ਰਾਜ ਪੱਧਰੀ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ
Publish Date: Wed, 28 Jan 2026 03:29 PM (IST)
Updated Date: Thu, 29 Jan 2026 04:01 AM (IST)

ਸ਼ਿਵ ਸ਼ਰਮਾ ਫ਼ਰੀਦਕੋਟ ਫਰੀਦਕੋਟ : ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਛੂਹ ਪ੍ਰਾਪਤ ਧਰਤੀ ਫਰੀਦਕੋਟ ਵਿੱਚ ਪਹਿਲੀ ਵਾਰ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ 06 ਤੋਂ 09 ਫਰਵਰੀ 2026 ਤੱਕ ਸਥਾਨਕ ਫਰੀਦ ਬੈਡਮਿੰਟਨ ਹਾਲ, ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ਪ੍ਰਬੰਧ ਸਕੱਤਰ ਐਡਵੋਕੇਟ ਲਲਿਤ ਮੋਹਨ ਗੁਪਤਾ (ਵਾਈਸ ਪ੍ਰਧਾਨ, ਪੰਜਾਬ ਬੈਡਮਿੰਟਨ ਐਸੋਸੀਏਸ਼ਨ ਅਤੇ ਸੀਨੀਅਰ ਵਾਈਸ ਪ੍ਰਧਾਨ, ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫਰੀਦਕੋਟ) ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਐਂਟਰੀਆਂ 02 ਫਰਵਰੀ 2026 ਤੱਕ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਰਾਜ ਪੱਧਰੀ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ‘ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ. ਗੁਰਮੀਤ ਸਿੰਘ ਮੀਤ ਹੇਅਰ, ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਪੰਜਾਬ ਮੈਡਮ ਬਲਜੀਤ ਕੌਰ, ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੁਨਮਦੀਪ ਕੌਰ, ਐਸ.ਐਸ.ਪੀ. ਡਾ. ਗਿਯਾ ਜੈਨ, ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਐਡਵੋਕੇਟ ਸ. ਸੰਦੀਪ ਸਿੰਘ ਧਾਲੀਵਾਲ, ਅਸਿਸਟੈਂਟ ਕਮਿਸ਼ਨਰ ਜਨਰਲ ਸ. ਗੁਰਕਿਰਨਦੀਪ ਸਿੰਘ ਸਿੱਧੂ ਅਤੇ ਪੀ.ਬੀ.ਏ. ਦੇ ਹੋਨਰੇਰੀ ਸਕੱਤਰ ਰਿਤਿਨ ਖੰਨਾ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣਗੇ। ਇਸ ਟੂਰਨਾਮੈਂਟ ਵਿੱਚ ਸੂਬੇ ਭਰ ਤੋਂ 35 ਸਾਲ ਤੋਂ ਉੱਪਰ ਤੋਂ ਲੈ ਕੇ 75 ਸਾਲ ਤੋਂ ਉੱਪਰ ਉਮਰ ਵਰਗ ਦੇ ਮਰਦ ਅਤੇ ਔਰਤ ਖਿਡਾਰੀ ਭਾਗ ਲੈਣਗੇ। ਟੂਰਨਾਮੈਂਟ ਸਬੰਧੀ ਹੋਰ ਜਾਣਕਾਰੀ ਜਾਂ ਸ਼ਰਤਾਂ ਲਈ ਟੂਰਨਾਮੈਂਟ ਪ੍ਰਬੰਧ ਸਕੱਤਰ ਐਡਵੋਕੇਟ ਲਲਿਤ ਮੋਹਨ ਗੁਪਤਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਭਾਗ ਲੈਣ ਵਾਲੇ ਖਿਡਾਰੀਆਂ ਲਈ ਬਰੇਕਫਾਸਟ, ਲੰਚ ਅਤੇ ਚਾਹ/ਕੌਫੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਇਕ ਭਾਗੀਦਾਰ ਨੂੰ ਟੀ-ਸ਼ਰਟ ਅਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਮੌਕੇ ਟੂਰਨਾਮੈਂਟ ਦਾ ਬੈਨਰ ਜਾਰੀ ਕਰਦਿਆਂ ਐਡਵੋਕੇਟ ਲਲਿਤ ਮੋਹਨ ਗੁਪਤਾ ਨੇ ਡੀ.ਬੀ.ਏ. ਦੇ ਸਮੂਹ ਅਹੁਦੇਦਾਰਾਂ, ਬਾਬਾ ਫਰੀਦ ਬੈਡਮਿੰਟਨ ਕਲੱਬ ਦੇ ਮੈਂਬਰਾਂ, ਟੂਰਨਾਮੈਂਟ ਕਮੇਟੀ, ਖੇਡ ਪ੍ਰੇਮੀਆਂ ਅਤੇ ਸਹਿਯੋਗੀਆਂ ਨੂੰ ਟੂਰਨਾਮੈਂਟ ਦੀ ਸਫਲਤਾ ਲਈ ਵਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।