ਫ਼ਰੀਦਕੋਟ ਮੰਡੀ 'ਚ ਬਾਸਮਤੀ ਦੀ ਧਮਾਕੇਦਾਰ ਆਮਦ, 4000 ਰੁਪਏ ਤੱਕ ਮਿਲ ਰਿਹਾ ਭਾਅ ਫ਼ਰੀਦਕੋਟ ਮੰਡੀ 'ਚ ਬਾਸਮਤੀ ਦੀ ਧਮਾਕੇਦਾਰ ਆਮਦ, 4000 ਰੁਪਏ ਤੱਕ ਮਿਲ ਰਿਹਾ ਭਾਅ
Publish Date: Tue, 15 Sep 2026 06:55 PM (IST)
Updated Date: Wed, 16 Sep 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫ਼ਰੀਦਕੋਟ : ਫ਼ਰੀਦਕੋਟ ਦੀ ਦਾਣਾ ਮੰਡੀ ਵਿੱਚ ਬਾਸਮਤੀ ਦੀ ਆਮਦ ਕਾਫ਼ੀ ਤੇਜ਼ ਹੋ ਗਈ ਹੈ, ਜਿਸ ਨਾਲ ਮੰਡੀ ਦੀਆਂ ਰੌਣਕਾਂ ਵਧ ਗਈਆਂ ਹਨ। ਕਿਸਾਨ ਆਪਣੀ ਫ਼ਸਲ ਲੈ ਕੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਅਤੇ ਮੰਡੀ ਵਿੱਚ ਬਾਸਮਤੀ ਦਾ ਭਾਅ 3800 ਰੁਪਏ ਤੋਂ ਲੈ ਕੇ 4000 ਰੁਪਏ ਪ੍ਰਤੀ ਕੁਇੰਟਲ ਦੇ ਆਸ-ਪਾਸ ਚੱਲ ਰਿਹਾ ਹੈ। ਚੰਗੇ ਭਾਅ ਮਿਲਣ ਕਰਕੇ ਕਿਸਾਨਾਂ ਦੇ ਚਿਹਰਿਆਂ ਤੇ ਖ਼ੁਸ਼ੀ ਦੀ ਝਲਕ ਸਾਫ਼ ਨਜ਼ਰ ਆ ਰਹੀ ਹੈ। ਮੰਡੀ ਵਿੱਚ ਖ਼ਰੀਦ ਪ੍ਰਕਿਰਿਆ ਬਹੁਤ ਹੀ ਤੇਜ਼ੀ ਨਾਲ ਚੱਲ ਰਹੀ ਹੈ। ਹੁਣ ਤੱਕ ਲਗਭਗ 5000 ਬਾਸਮਤੀ ਦੇ ਗੱਟੇ ਪ੍ਰਾਈਵੇਟ ਵਪਾਰੀਆਂ ਵੱਲੋਂ ਖ਼ਰੀਦੇ ਜਾ ਚੁੱਕੇ ਹਨ, ਜਦਕਿ ਰੋਜ਼ਾਨਾ 500 ਤੋਂ 1000 ਗੱਟਾ ਬਾਸਮਤੀ ਮੰਡੀ ਵਿੱਚ ਪਹੁੰਚ ਰਿਹਾ ਹੈ। ਪ੍ਰਾਈਵੇਟ ਖ਼ਰੀਦਦਾਰਾਂ ਦੀ ਸਰਗਰਮੀ ਕਾਰਨ ਫ਼ਸਲ ਦੀ ਵਿਕਰੀ ਵਿੱਚ ਤੇਜ਼ੀ ਆਈ ਹੈ। ਫ਼ਸਲ ਦੀ ਆਮਦ ਨੂੰ ਦੇਖਦੇ ਹੋਏ ਆੜ੍ਹਤੀਆਂ ਵੱਲੋਂ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਪ੍ਰਮੁੱਖ ਆੜ੍ਹਤੀਆ ਮਹਿੰਦਰ ਕੁਮਾਰ ਬੰਸਲ, ਓਮ ਪ੍ਰਕਾਸ਼ ਗਰਗ, ਸੁਧੀਰ ਛਾਬੜਾ, ਵਿਕਾਸ ਗੁਪਤਾ, ਪ੍ਰਮੋਦ ਬੰਸਲ, ਪੀਯੂਸ਼ ਬੰਸਲ, ਰਾਜ ਮੁਚਾਕੀ ਅਤੇ ਵੀਰੇਂਦਰ ਵਿੰਦਰੀ ਨੇ ਦੱਸਿਆ ਕਿ ਮੰਡੀ ਵਿੱਚ ਸੁਚੱਜੀ ਖ਼ਰੀਦ ਲਈ ਸਾਰੀਆਂ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੀਣ ਵਾਲੇ ਪਾਣੀ, ਛਾਂ ਅਤੇ ਫ਼ਸਲ ਲਾਹੁਣ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਆੜ੍ਹਤੀ ਭਾਈਚਾਰਾ ਕਿਸਾਨਾਂ ਦੀ ਸੁਵਿਧਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।