- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਹੋਰ ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੀਏ ਪਰ ਪੰਜਾਬੀ ਮਾਂ ਬੋਲੀ ‘ਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ: ਮੱਕੜ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਮਾਂ ਬੋਲੀ ਪੰਜਾਬੀ ਦੇ ਸਤਿਕਾਰ ਲਈ ਜਿੱਥੇ ਦੁਨੀਆਂ ਭਰ ‘ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਇਸੇ ਤਰਜ਼ ‘ਤੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਦੀ ਯੋਗ ਅਗਵਾਈ ‘ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਰਲ ਕੇ ਇਹ ਦਿਵਸ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ । ਸਟੇਜ ਸਕੱਤਰ ਰਾਹੁਲ ਗੋਇਲ ਨੇ ਪਹਿਲਾਂ ਪੰਜਾਬੀ ਬੋਲੀ ਸੰਬੰਧੀ ਆਪਣੇ ਵਿਚਾਰ ਰੱਖੇ ਫਿਰ ਇੱਕ ਕਰਕੇ ਆਪਣੇ ਸਾਥੀਆਂ ਸਵਯਮ ਅਰੋੜਾ , ਸੰਧਿਆ ਅਤੇ ਪ੍ਰੀਆ ਨੂੰ ਮੰਚ ‘ਤੇ ਆਪਣੇ ਵਿਚਾਰ ਰੱਖਣ ਦਾ ਸੱਦਾ ਦਿੱਤਾ । ਸਕੂਲ ਦੇ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਗੁਰਪ੍ਰੀਤ ਕੌਰ ਅਤੇ ਅਰਸ਼ਦੀਪ ਸਿੰਘ ਨੇ ਪੰਜਾਬੀ ਬੋਲੀ ਸੰਬੰਧੀ ਆਪਣੇ ਵਿਚਾਰ ਰੱਖੇ ਜਦਕਿ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ‘ਚ ਵੱਖ-ਵੱਖ ਸਲੋਗਨ ਲਿਖੇ ਗਏ ਅਤੇ ਪੰਜਾਬੀ ਵਰਨਮਾਲਾ ਦੇ ਅੱਖਰ ਸੁੰਦਰ ਲਿਖਾਈ ‘ਚ ਲਿਖੇ ਗਏ । ਅੰਤ ‘ਚ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਪੰਜਾਬੀ ਭਾਸ਼ਾ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਹੋਰ ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੀਏ ਪਰ ਪੰਜਾਬੀ ਮਾਂ ਬੋਲੀ ‘ਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂ ਜੋ ਅਸੀਂ ਦੂਜੀਆਂ ਭਾਸ਼ਾਵਾਂ ਵੀ ਪੰਜਾਬੀ ਮਾਂ ਬੋਲੀ ਸਦਕਾ ਸਿੱਖਦੇ ਹਾਂ , ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਦੁਨੀਆਂ ਦੇ ਕੋਨੇ ਕੋਨੇ ‘ਚ ਵਸਦੇ ਪੰਜਾਬੀ ਭਾਈਚਾਰੇ ਨੂੰ ਵਿਸ਼ਵ ਪੰਜਾਬੀ ਦਿਵਸ ਲਈ ਵਧਾਈਆਂ ਦਿੱਤੀਆਂ। ਅੰਤ ਵਿੱਚ ਵਿਦਿਆਰਥੀਆਂ ਵੱਲੋਂ ਨਾਅਰਾ ਲਾਇਆ ਗਿਆ ਕਿ “ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂੰ ਰੁਲ ਜਾਓਗੇ “ “ਸਾਨੂੰ ਸਾਡੀ ਪੰਜਾਬੀ ਬੋਲੀ ‘ਤੇ ਬਹੁਤ ਮਾਣ ਹੈ।